PM ਮੋਦੀ ਨੇ ‘ਏਰੋ ਇੰਡੀਆ’ ਦਾ ਕੀਤਾ ਉਦਘਾਟਨ, ਕਿਹਾ- ਅੱਜ ਭਾਰਤ ਤੇਜ਼ ਅਤੇ ਦੂਰ ਦੀ ਸੋਚਦਾ ਹੈ

ਬੇਂਗਲੁਰੂ- ਭਾਰਤ ਦੀ ਸਭ ਤੋਂ ਵੱਡੀ ਏਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ‘ਏਰੋ ਇੰਡੀਆ’ ਦਾ 14ਵਾਂ ਆਡੀਸ਼ਨ ਬੇਂਗਲੁਰੂ ‘ਚ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸ਼ੋਅ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ‘ਏਰੋ ਇੰਡੀਆ’ ਭਾਰਤ ਦੀ ਨਵੀਂ ਤਾਕਤ ਅਤੇ ਸਮਰੱਥਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਰੋ ਇੰਡੀਆ 2023 ਦੇ ਉਦਘਾਟਨੀ ਸਮਾਰੋਹ ਦੌਰਾਨ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਰੋ ਇੰਡੀਆ’ ਅੱਜ ਸਿਰਫ਼ ਇਕ ਪ੍ਰਦਰਸ਼ਨ ਨਹੀਂ ਹੈ ਸਗੋਂ ਭਾਰਤ ਦੇ ਆਤਮ-ਵਿਸ਼ਵਾਸ ਦਾ ਪ੍ਰਤੀਬਿੰਬ ਵੀ ਹੈ। ਭਾਰਤ ਅੱਜ ਨਾ ਸਿਰਫ਼ ਇਕ ਬਾਜ਼ਾਰ ਹੈ ਸਗੋਂ ਕਈ ਦੇਸ਼ਾਂ ਲਈ ਇਕ ਸੰਭਾਵੀ ਰੱਖਿਆ ਭਾਈਵਾਲ ਵੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ‘ਨਵਾਂ ਭਾਰਤ’ ਨਾ ਤਾਂ ਕੋਈ ਮੌਕਾ ਗੁਆਏਗਾ ਅਤੇ ਨਾ ਹੀ ਇਸ ਦੀ ਮਿਹਨਤ ‘ਚ ਕੋਈ ਕਮੀ ਆਵੇਗੀ। ਇਸ ਸ਼ੋਅ ਤੋਂ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਬਲ ਮਿਲਣ ਦੇ ਨਾਲ ਹੀ ਘਰੇਲੂ ਹਵਾਬਾਜ਼ੀ ਖੇਤਰ ਨੂੰ ਨਵਾਂ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨੇ ਕਿਹਾ-
-ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਂਗਲੁਰੂ ਦਾ ਆਸਮਾਨ ਅੱਜ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਨਵੀਂ ਉੱਚਾਈ, ਨਵੇਂ ਭਾਰਤ ਦੀ ਸੱਚਾਈ ਹੈ।
– ਏਰੋ ਇੰਡੀਆ ਦਾ ਇਹ ਆਯੋਜਨ ਅੱਜ ਨਵੇਂ ਭਾਰਤ ਦੀ ਨਵੀਂ ਸੋਚ ਨੂੰ ਵੀ ਪ੍ਰਤੀਬਿੰਬ ਕਰਦਾ ਹੈ।
– ਜੋ ਦੇਸ਼ ਆਪਣੀ ਰੱਖਿਆ ਜ਼ਰੂਰਤਾਂ ਲਈ ਇਕ ਭਰੋਸੇਮੰਦ ਸਾਥੀ ਤਲਾਸ਼ ਰਹੇ ਹਨ। ਭਾਰਤ ਉਨ੍ਹਾਂ ਲਈ ਵੀ ਇਕ ਬਿਹਤਰ ਪਾਰਟਨਰ ਬਣ ਕੇ ਉੱਭਰ ਰਿਹਾ ਹੈ।
– ਅੱਜ ਆਸਮਾਨ ‘ਚ ਗਰਜਨਾ ਕਰਦੇ ਤੇਜਸ ਫਾਈਟਰ ਜਹਾਜ਼ ‘ਮੇਕ ਇਨ ਇੰਡੀਆ’ ਦੇ ਸਮਰੱਥਾ ਦਾ ਨਤੀਜਾ ਹਨ।
– ਅੰਮ੍ਰਿਤ ਕਾਲ ਦਾ ਭਾਰਤ ਇਕ ਫਾਈਟਰ ਪਾਇਲਟ ਵਾਂਗ ਅੱਗੇ ਵਧ ਰਿਹਾ ਹੈ।
-ਇਕ ਅਜਿਹਾ ਦੇਸ਼ ਜਿਸ ਨੂੰ ਉੱਚਾਈਆਂ ਛੂਹਣ ਤੋਂ ਡਰ ਨਹੀਂ ਲੱਗਦਾ। ਜੋ ਸਭ ਤੋਂ ਉੱਚੀ ਉਡਾਣ ਭਰਨ ਲਈ ਉਤਸ਼ਾਹਿਤ ਹੈ।
– ਅੱਜ ਭਾਰਤ ਤੇਜ਼ ਸੋਚਦਾ ਹੈ, ਦੂਰ ਦੀ ਸੋਚਦਾ ਹੈ ਅਤੇ ਤੁਰੰਤ ਫ਼ੈਸਲੇ ਲੈਂਦਾ ਹੈ।
ਦੱਸ ਦੇਈਏ ਕਿ 5 ਦਿਨ ਚੱਲਣ ਵਾਲੇ ਇਸ ਸਮਾਗਮ ਵਿਚ ਏਰੋਸਪੇਸ ਅਤੇ ਰੱਖਿਆ ਕੰਪਨੀਆਂ ਵਲੋਂ ਇਕ ਪ੍ਰਮੁੱਖ ਪ੍ਰਦਰਸ਼ਨੀ ਅਤੇ ਵਪਾਰ ਮੇਲਾ ਦੇ ਨਾਲ-ਨਾਲ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਵਲੋਂ ਹਵਾਈ ਪ੍ਰਦਰਸ਼ਨੀਆਂ ਵੀ ਦਿਖਾਈਆਂ ਜਾਣਗੀਆਂ।