ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਖੜ੍ਹੇ ਕੀਤੇ ਸਵਾਲ, ਵਪਾਰ ਦੇ ਮੁੱਦੇ ‘ਤੇ ਕਹੀ ਵੱਡੀ ਗੱਲ

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੁੰਮਰਾਹਕੁੰਨ ਪ੍ਰਚਾਰ ਨਾਲ ਸੱਤਾ ਹਾਸਲ ਕੀਤੀ ਤੇ ਹੁਣ ਅਰਵਿੰਦ ਕੇਜਰੀਵਾਲ ਦੀ ਖਾਤਰ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਵਿਚ ਲੱਗੇ ਹੋਏ ਹਨ। ਪਿੰਡ ਫਤਿਹਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਭਲਾਈ ਕਦੇ ਵੀ ਭਗਵੰਤ ਮਾਨ ਦਾ ਏਜੰਡਾ ਨਹੀਂ ਸੀ। ਉਸਦਾ ਇਕ ਨੁਕਾਤੀ ਏਜੰਡਾ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਨੂੰ ਲੁੱਟਣਾ ਤੇ ਬਰਬਾਦ ਕਰਨਾ ਸੀ ਤੇ ਉਹ ਅਜਿਹਾ ਕਰ ਰਹੇ ਹਨ।
ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਉਹੀ ਭਗਵੰਤ ਮਾਨ ਹੈ, ਜਿਸ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਵੱਧ ਸੁਰੱਖਿਆ ਲੈਣ ਵਾਸਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਮਾਖੌਲ ਉਡਾਇਆ ਤੇ ਹੁਣ ਆਪਣੇ ਪਰਿਵਾਰ ਵਾਸਤੇ ਵੱਡੀ ਸੁਰੱਖਿਆ ਤਾਇਨਾਤ ਕਰ ਲਈ ਹੈ। ਅਸਲੀਅਤ ਇਹ ਹੈ ਕਿ ਅੱਧੀ ਪੰਜਾਬ ਪੁਲਸ ਮਾਨ ਪਰਿਵਾਰ ਦੀ ਸੁਰੱਖਿਆ ਵਿਚ ਤਾਇਨਾਤ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀਆਂ ਤੇ ਕਤਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਵਪਾਰੀ ਨੂੰ ਸੂਬੇ ਵਿਚ ਆਪਣਾ ਵਪਾਰ ਕਰਨ ਵਾਸਤੇ 25 ਤੋਂ 35 ਲੱਖ ਰੁਪਏ ਤਕ ਫਿਰੌਤੀ ਦੇਣੀ ਪੈ ਰਹੀ ਹੈ। ਇਹੀ ਕਾਰਨ ਹੈ ਕਿ ਵਪਾਰੀ ਆਪਣਾ ਕਾਰੋਬਾਰ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਵਿਚ ਲਿਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਸਰਕਾਰ ਦੇ ਸੂਬੇ ਵਿਚ ਘਪਲੇ ਨਿੱਤ ਦਾ ਕੰਮ ਬਣ ਗਏ ਹਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੇ ਲੋਕ ਸੱਤਾ ਵਿਚ ਆ ਗਏ ਹਨ, ਜਿਨ੍ਹਾਂ ਕੋਲ ਸੂਬੇ ਦੇ ਲੋਕਾਂ ਦੀ ਭਲਾਈ, ਤਰੱਕੀ ਤੇ ਖੁਸ਼ਹਾਲੀ ਦਾ ਕੋਈ ਏਜੰਡਾ ਨਹੀਂ ਹੈ ਤੇ ਇਹ ਲੋਕ ਆਪਣੀ ਸਿਆਸੀ ਪਾਰਟੀ ਤੇ ਆਪਣੇ ਸਿਆਸੀ ਆਕਾ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸੂਬੇ ਦੇ ਸਰੋਤਾਂ ਦੀ ਲੁੱਟ ਵਿਚ ਲੱਗੇ ਹਨ। ਇਸ ਸਮੇਂ ਜ਼ਿਲਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਵਿਨਰਜੀਤ ਸਿੰਘ ਗੋਲਡੀ, ਇਕਬਾਲਜੀਤ ਸਿੰਘ ਪੂਨੀਆ, ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ ਤੇ ਹੋਰ ਆਗੂ ਹਾਜ਼ਰ ਸਨ।