ਸੁਪਰੀਮ ਕੋਰਟ ਨੂੰ ਮਿਲਣਗੇ 2 ਹੋਰ ਨਵੇਂ ਜੱਜ, 13 ਫ਼ਰਵਰੀ ਨੂੰ ਲੈਣਗੇ ਹਲਫ਼

ਨਵੀਂ ਦਿੱਲੀ: ਸੁਪਰੀਮ ਕੋਰਟ ਨੂੰ ਛੇਤੀ ਹੀ 2 ਹੋਰ ਨਵੇਂ ਜੱਜ ਮਿਲਣ ਜਾ ਰਹੇ ਹਨ। ਰਾਜੇਸ਼ ਬਿੰਦਲ ਅਤੇ ਅਰਵਿੰਦ ਕੁਮਾਰ 13 ਫ਼ਰਵਰੀ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲੈਣਗੇ। ਸਿਖਰਲੀ ਅਦਾਲਤ ਦੀ ਪ੍ਰਸ਼ਾਸਨਿਕ ਇਕਾਈ ਵੱਲੋਂ ਜਾਰੀ ਸਰਕੂਲਰ ਮੁਤਾਬਕ ਚੀਫ਼ ਜਸਟਿਸ ਚੰਦਰਚੂੜ ਸੋਮਵਾਰ ਨੂੰ ਸਵੇਰੇ ਸਾਢੇ 10 ਵਜੇ ਰਾਜੇਸ਼ ਬਿੰਦਲ ਅਤੇ ਅਰਵਿੰਦ ਕੁਮਾਰ ਨੂੰ ਹਲਫ਼ ਦਿਵਾਉਣਗੇ।
ਇਸ ਤੋਂ ਪਹਿਲਾਂ ਸਰਕਾਰ ਨੇ ਇਲਾਬਾਦ ਹਾਈ ਕੋਰਟ ਦੇ ਮੌਜੂਦਾ ਜੱਜ ਬਿੰਦਲ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਕੁਮਾਰ ਦੀ ਤਰੱਕੀ ਨੂੰ ਮਨਜ਼ੂਰੀ ਦਿੱਤੀ। ਦੋਵਾਂ ਜੱਜਾਂ ਦੇ ਸਹੁੰ ਚੁੱਕਣ ਤੋਂ ਬਾਅਦ ਸੁਪਰੀਮ ਕੋਰਟ ਵਿਚ 9 ਮਹੀਨੇ ਬਾਅਦ ਚੀਫ ਜਸਟਿਸ ਸਣੇ ਕੁੱਲ੍ਹ ਜੱਜਾਂ ਦੀ ਗਿਣਤੀ 34 ਹੋ ਜਾਵੇਗੀ। ਦੋਵਾਂ ਜੱਜਾਂ ਨੂੰ ਸੁਪਰੀਮ ਕੋਰਟ ਵਿਚ ਨਿਯੁਕਤ ਕਰਨ ਦਾ ਪ੍ਰਸਤਾਅ ਕਾਲੇਜੀਅਮ ਨੇ 31 ਜਨਵਰੀ ਨੂੰ ਭੇਜਿਆ ਸੀ।