ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਓਡੀਸ਼ਾ ਦੇ ਸ਼੍ਰੀ ਲਿੰਗਰਾਜ ਮੰਦਰ ‘ਚ ਕੀਤੀ ਪੂਜਾ

ਭੁਵਨੇਸ਼ਵਰ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣੇ ਓਡੀਸ਼ਾ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਯਾਨੀ ਕਿ ਅੱਜ ਪ੍ਰਸਿੱਧ ਸ਼੍ਰੀ ਲਿੰਗਰਾਜ ਮੰਦਰ ‘ਚ ਪੂਜਾ ਕੀਤੀ। ਇਸ ਮੌਕੇ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਧੀ ਇਤੀਸ਼੍ਰੀ ਮੁਰਮੂ ਵੀ ਮੌਜੂਦ ਰਹੀ। ਦੇਸ਼ ਦੀ ਪ੍ਰਥਮ ਨਾਗਰਿਕ ਦੇ ਦੌਰੇ ਦੇ ਮੱਦੇਨਜ਼ਰ 11ਵੀਂ ਸ਼ਤਾਬਦੀ ਦੇ ਮੰਦਰ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ‘ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।
ਦ੍ਰੌਪਦੀ ਮੁਰਮੂ ਦੀ ਇਕ ਝਲਕ ਪਾਉਣ ਲਈ ਮੰਦਰ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ। ਲਿੰਗਰਾਜ ਮੰਦਰ ਦੇ ਗਰਭ ਗ੍ਰਹਿ ‘ਚ ਐਂਟਰੀ ਕਰਨ ਤੋਂ ਪਹਿਲਾਂ ਮੁਰਮੂ ਨੇ ਇਸ ਕੰਪਲੈਕਸ ਵਿਚ ਮਾਂ ਭੁਵਨੇਸ਼ਵਰੀ, ਮਾਂ ਪਾਰਬਤੀ ਅਤੇ ਸਿੱਧੀ ਵਿਨਾਇਕ ਸਮੇਤ ਵੱਖ-ਵੱਖ ਮੰਦਰਾਂ ‘ਚ ਪੂਜਾ ਕੀਤੀ।
ਰਾਸ਼ਟਰਪਤੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭੁਵਨੇਸ਼ਵਰ ਵਿਚ ਲਿੰਗਰਾਜ ਮਹਾਪ੍ਰਭੂ ਨੂੰ ਨਮਨ ਕੀਤਾ। ਰਾਸ਼ਟਰਪਤੀ ਭਾਰਤੀ ਵਾਸਤੂਕਲਾ ਦਾ ਮਹਾਨ ਨਮੂਨਾ ਮੰਨੇ ਜਾਣ ਵਾਲੇ ਲਿੰਗਰਾਜ ਮੰਦਿਰ ਦੇ ਦੌਰੇ ਦੌਰਾਨ ਲੋਕਾਂ ਨੂੰ ਵੀ ਮਿਲੇ। ਉਨ੍ਹਾਂ ਨੇ ਕਰੀਬ 40 ਮਿੰਟ ਸ਼੍ਰੀ ਲਿੰਗਰਾਜ ਮੰਦਰ ‘ਚ ਬਿਤਾਏ।
ਰਾਸ਼ਟਰਪਤੀ ਮੁਰਮੂ ਨੇ ਉੜੀਆ ‘ਚ ਵਿਜ਼ਟਰ ਬੁੱਕ ‘ਚ ਲਿਖਿਆ ਕਿ ਉਨ੍ਹਾਂ ਨੇ ਭਗਵਾਨ ਲਿੰਗਰਾਜ ਦੀ ਪੂਜਾ ਕਰਨ ਤੋਂ ਬਾਅਦ ਬੇਹੱਦ ਖੁਸ਼ੀ ਮਹਿਸੂਸ ਕੀਤੀ ਅਤੇ ਵਿਸ਼ਵ ਦੇ ਕਲਿਆਣ ਦੀ ਕਾਮਨਾ ਕੀਤੀ। ਓਡੀਸ਼ਾ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੰਦਰ ਵਿਚ ਮੌਜੂਦ ਸਨ। ਇਸ ਮੌਕੇ ਮੰਦਰ ਟਰੱਸਟ ਵੱਲੋਂ ਰਾਸ਼ਟਰਪਤੀ ਨੂੰ ਭਗਵਾਨ ਲਿੰਗਰਾਜ ਦੀ ‘ਦਮੋਦਰ ਵੇਸ਼’ ਦੀ ਤਸਵੀਰ ਭੇਟ ਕੀਤੀ ਗਈ।