ਫਾਇਰ ਸਟੇਸ਼ਨ ਸਮਰਾਲਾ ਦਾ ਬਿਜਲੀ ਕੁਨੈਕਸ਼ਨ ਕੱਟਿਆ, ਮੁਲਾਜ਼ਮਾਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ

ਸਮਰਾਲਾ : ਸਥਾਨਕ ਫਾਇਰ ਬ੍ਰਿਗੇਡ ਸਟੇਸ਼ਨ ਵੱਲੋਂ ਕਰੀਬ 2 ਲੱਖ 35 ਹਜ਼ਾਰ ਰੁਪਏ ਦੇ ਬਕਾਇਆ ਬਿਜ਼ਲੀ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ’ਤੇ ਪਾਵਰਕਾਮ ਨੇ ਫਾਇਰ ਸਟੇਸ਼ਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਬਿਜਲੀ ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਫਾਇਰ ਮੁਲਾਜ਼ਮਾਂ ਨੂੰ ਭਾਰੀ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁਲਾਜ਼ਮ ਰਾਤ ਵੇਲੇ ਸਾਰਾ ਕੰਮ ਹਨ੍ਹੇਰੇ ‘ਚ ਹੀ ਕਰ ਰਹੇ ਹਨ। ਇੱਥੋਂ ਤੱਕ ਕਿ ਨੂੰ ਰਾਤ ਦੀ ਡਿਊਟੀ ਵੇਲੇ ਐਂਟਰੀ ਅਤੇ ਹੋਰ ਕਾਗਜ਼ੀ ਕਾਰਵਾਈ ਮੋਬਾਇਲ ਫੋਨ ਦੀ ਟਾਰਚ ਲਾਈਟ ਵਿੱਚ ਹੀ ਕੀਤੀ ਜਾ ਰਹੀ ਹੈ।
ਸਮਰਾਲਾ ਦੇ ਫਾਇਰ ਅਫ਼ਸਰ ਹਰਦੀਪ ਸਿੰਘ ਵੱਲੋਂ ਪਿਛਲੇ 10 ਦਿਨਾਂ ਤੋਂ ਫਾਇਰ ਸਟੇਸ਼ਨ ਦਾ ਬਿਜਲੀ ਕੁਨੈਕਸ਼ਨ ਕਰੀਬ 2 ਲੱਖ 35 ਹਜ਼ਾਰ ਰੁਪਏ ਦਾ ਬਕਾਇਆ ਹੋਣ ਕਾਰਨ ਕੱਟੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਫਾਇਰ ਸਟੇਸ਼ਨ ਦੀ ਬਿਜਲੀ ਚੋਰੀ ਕੀਤੇ ਜਾਣ ਦੇ ਇਲਜ਼ਾਮ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਧੀਨ ਨਵੇਂ ਬੱਸ ਅੱਡੇ ’ਤੇ ਬਣੇ ਇਸ ਫਾਇਰ ਸਟੇਸ਼ਨ ਦੇ ਨਾਲ ਦੇ ਕਮਰਿਆਂ ਵਿੱਚ ਲੰਬੇ ਸਮੇਂ ਤੋਂ ਨਾਜਾਇਜ਼ ਰੂਪ ਵਿੱਚ ਲੇਬਰ ਬੈਠੀ ਹੈ।
ਇਹ ਲੇਬਰ ਕਥਿਤ ਤੌਰ ’ਤੇ ਫਾਇਰ ਸਟੇਸ਼ਨ ਦੇ ਬਿਜਲੀ ਕੁਨੈਕਸ਼ਨ ਰਾਹੀ ਬਿਜਲੀ ਦੀ ਚੋਰੀ ਕਰ ਰਹੀ ਹੈ। ਇਸ ਦੇ ਚੱਲਦਿਆ ਹੀ ਫਾਇਰ ਸਟੇਸ਼ਨ ਦਾ ਇੰਨਾ ਭਾਰੀ ਭਰਕਮ ਬਿੱਲ ਆ ਗਿਆ ਹੈ, ਜਦੋਂ ਕਿ ਉਨ੍ਹਾਂ ਦਾ ਸਟਾਫ਼ ਰਾਤ ਵੇਲੇ ਸਿਰਫ ਇੱਕ ਬਲੱਬ ਅਤੇ ਗਰਮੀਆਂ ਵਿੱਚ ਇੱਕ ਪੱਖੇ ਦੀ ਹੀ ਵਰਤੋਂ ਕਰਦੇ ਆ ਰਹੇ ਹਨ। ਓਧਰ ਦੂਜੇ ਪਾਸੇ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਫਾਇਰ ਸਟੇਸ਼ਨ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਕੁਨੈਕਸ਼ਨ ਚਾਲੂ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।