ਤੁਰਕੀ ‘ਚ NDRF ਨੇ ਸੰਭਾਲਿਆ ਮੋਰਚਾ, ਮਲਬੇ ‘ਚ ਦੱਬੀ 8 ਸਾਲਾ ਬੱਚੀ ਨੂੰ ਬਚਾਇਆ

ਅੰਕਾਰਾ : ਤੁਰਕੀ ਅਤੇ ਸੀਰੀਆ ’ਚ ਆਏ ਵਿਨਾਸ਼ਕਾਰੀ ਭੂਚਾਲ ਨਾਲ ਪ੍ਰਭਾਵਿਤ ਖੇਤਰ ’ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ’ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 24,000 ਨੂੰ ਪਾਰ ਕਰ ਗਈ ਹੈ। ਪ੍ਰਭਾਵਿਤ ਤੁਰਕੀ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ ਸ਼ਾਮਲ ਭਾਰਤ ਦੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਨੇ ਤੁਰਕੀ ਦੀ ਫੌਜ ਦੇ ਨਾਲ ਤਾਲਮੇਲ ਕਰਕੇ ਸ਼ੁੱਕਰਵਾਰ ਨੂੰ ਭੂਚਾਲ ਪ੍ਰਭਾਵਿਤ ਤੁਰਕੀ ਵਿੱਚੋਂ ਇੱਕ 8 ਸਾਲ ਦੀ ਬੱਚੀ ਨੂੰ ਬਚਾਇਆ। ਤੁਰਕੀ ਦੇ ਗਾਜ਼ੀਅਨਟੇਪ ਦੇ ਨੂਰਦਾਗੀ ਵਿੱਚ ਜ਼ਬਰਦਸਤ ਭੂਚਾਲ ਕਾਰਨ ਡਿੱਗੀ ਇਮਾਰਤ ਦੇ ਮਲਬੇ ਹੇਠ ਬੱਚੀ ਜ਼ਿੰਦਾ ਫਸੀ ਹੋਈ ਸੀ।
NDRF ਨੇ ਟਵੀਟ ਕੀਤਾ, “ਮਿਹਨਤ ਅਤੇ ਪ੍ਰੇਰਣਾ ਦਾ ਫਲ ਮਿਲਦਾ ਹੈ। NDRF ਟੀਮ ਨੇ ਤੁਰਕੀ ਫੌਜ ਦੇ ਨਾਲ ਤਾਲਮੇਲ ਕਰਕੇ ਇੱਕ ਹੋਰ ਜ਼ਿੰਦਾ ਪੀੜਤ (8 ਸਾਲਾ ਬੱਚੀ) ਨੂੰ ਸਫਲਤਾਪੂਰਵਕ ਬਚਾਇਆ।” NDRF ਨੇ ਟਵਿਟਰ ‘ਤੇ ਤੁਰਕੀ ਵਿੱਚ ਚੱਲ ਰਹੇ ਬਚਾਅ ਕਾਰਜਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰਕੀ ਵਿੱਚ ਇੱਕ ਹੋਰ ਨਾਬਾਲਗ ਲੜਕੀ ਦੀ ਜਾਨ ਬਚਾਉਣ ਲਈ ਐੱਨ.ਡੀ.ਆਰ.ਐੱਫ. ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਸਾਨੂੰ ਆਪਣੇ ਐੱਨ. ਡੀ. ਆਰ. ਐੱਫ. ’ਤੇ ਮਾਣ ਹੈ। ਤੁਰਕੀ ’ਚ ਬਚਾਅ ਮੁਹਿੰਮ ’ਚ ਟੀਮ ਆਈ. ਐੱਨ. ਡੀ.-11 ਨੇ ਗਜੀਅਨਟੇਪ ਸ਼ਹਿਰ ’ਚ ਇਕ 6 ਸਾਲ ਦੀ ਬੱਚੀ ਬੇਰੇਨ ਦੀ ਜਾਨ ਬਚਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਐੱਨ. ਡੀ. ਆਰ. ਐੇੱਫ. ਨੂੰ ਦੁਨੀਆ ਦੀ ਮੋਹਰੀ ਡਿਜ਼ਾਸਟਰ ਰਿਸਪਾਂਸ ਫੋਰਸ ਬਣਾਉਣ ਲਈ ਵਚਨਬੱਧ ਹੈ।’ ‘ਆਪ੍ਰੇਸ਼ਨ ਦੋਸਤ’ ਦੇ ਤਹਿਤ ਭਾਰਤ ਨੇ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਰਾਹਤ ਕਾਰਜਾਂ ਲਈ ਬਚਾਅ ਕਰਮਚਾਰੀਆਂ, ਜ਼ਰੂਰੀ ਚੀਜ਼ਾਂ ਅਤੇ ਡਾਕਟਰੀ ਉਪਕਰਣਾਂ ਨਾਲ 6 ਜਹਾਜ਼ ਭੇਜੇ ਹਨ। 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਤੋਂ ਬਾਅਦ ਤੁਰਕੀ ਅਤੇ ਨਾਲ ਲੱਗਦੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 24,000 ਨੂੰ ਪਾਰ ਕਰ ਗਈ ਹੈ।