ਰੇਡੀਓ ਦੀਆਂ ਯਾਦਾਂ – 40

ਡਾ. ਦੇਵਿੰਦਰ ਮਹਿੰਦਰੂ
ਨਿੱਕੀਆਂ ਨਿੱਕੀਆਂ ਉਕਾਈਆਂ
ਸਰਦੀ ਦੇ ਦਿਨੀਂ ਸ਼ਿਮਲਾ ਵਾਲੇ ਘਰਾਂ ਦੇ ਅੰਦਰ ਰਹਿਣਾ ਹੀ ਜ਼ਿਆਦਾ ਪਸੰਦ ਕਰਦੇ ਹਨ, ਜਿਵੇਂ ਅੱਜਕੱਲ੍ਹ। ਹਫ਼ਤੇ ਦਸ ਦਿਨ ਤਕ ਸਕੂਲ ਖੁੱਲ੍ਹ ਜਾਣਗੇ। ਕੇਂਦਰੀ ਸਕੂਲ ਤਾਂ ਪਹਿਲਾਂ ਹੀ ਖੁੱਲ੍ਹ ਗਏ ਹਨ। ਉਨ੍ਹਾਂ ਦਾ ਸੈਥਜੂਅਲ ਪੂਰੇ ਹਿੰਦੁਸਤਾਨ ਦੇ ਹਿਸਾਬ ਚੱਲਦਾ ਹੈ। ਹੁੰਦਾ ਕੀ ਸੀ, ਬਾਕੀ ਸਕੂਲਾਂ ਦੇ ਬੱਚੇ ਤਾਂ ਛੁੱਟੀਆਂ ਮਨਾ ਰਹੇ ਹੁੰਦੇ ਸਨ, ਦੋਵੇਂ ਕੇਂਦਰੀ ਵਿਦਿਆਲੇ ਖੁੱਲ੍ਹ ਜਾਂਦੇ ਸਨ। ਬੱਚੇ ਭਗਵਾਨ ਜੀ ਦੇ ਦਰਬਾਰ ਜਾਂਦੇ, ਉੱਪਰੋਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਸੀ। ਸਕੂਲ ਵਾਲੇ ਸਾਨੂੰ ਰੇਡੀਓ ਵਾਲਿਆਂ ਨੂੰ ਕਹਿੰਦੇ ਸਨ ਕਿ ਐਨਾਊਂਸਮੈਂਟ ਕਰਵਾ ਦਵੋ ਕਿ ਅਗਲੇ ਆਦੇਸ਼ ਤਕ ਸਕੂਲ ਬੰਦ ਰਹਿਣਗੇ। ਅਸੀਂ ਬੁਲਵਾ ਦਿੰਦੇ ਸਾਂ, ਪਰ ਇਹ ਫ਼ੈਸਲਾ ਲੈਂਦੇ ਲੈਂਦੇ ਸਕੂਲ ਦੇ ਅਧਿਕਾਰੀ ਕੁੱਝ ਦਿਨ ਲਾ ਦਿੰਦੇ ਸਨ। ਉਨ੍ਹਾਂ ਕੁੱਝ ਦਿਨਾਂ ‘ਚ ਮੈਂ ਰੇਡੀਓ ਕਲੋਨੀ ਦੇ ਬੱਚਿਆਂ ਨੂੰ ਠਿਠੁਰਦੇ ਹੋਏ ਸਕੂਲੋਂ ਆਉਂਦੇ ਦੇਖਦੀ ਸੀ ਤਾਂ ਬੁਰਾ ਲੱਗਦਾ ਸੀ ਬਹੁਤ। ਇੰਨੀਆਂ ਗੱਡੀਆਂ ਤਾਂ ਹੁੰਦੀਆਂ ਨਹੀਂ ਸਨ ਓਦੋਂ। ਜਾਖੂ ਅਤੇ ਜਤੋਗ ਤੋਂ ਪੈਦਲ ਆਉਂਦੇ ਸਨ ਬੱਚੇ, ਕਦੇ ਨ੍ਹੇਰੀ ਝੱਖੜ ‘ਚ ਤੇ ਕਦੇ ਬਰਫ਼ ਵਿੱਚ। ਦਿਲ ਕਰਦਾ ਸੀ ਉਨ੍ਹਾਂ ਨੂੰ ਦੇਖ ਕੇ ਆਪਣੇ ਆਪ ਹੀ ਸਕੂਲ ਬੰਦ ਦੀ ਐਨਾਊਂਸਮੈਂਟ ਕਰਵਾ ਦੇਵਾਂ।
ਇੱਕ ਹੋਰ ਐਨਾਊਂਸਮੈਂਟ ਕਰਵਾਉਣ ਲਈ ਕਿਹਾ ਜਾਂਦਾ ਸੀ ਵਾਰ ਵਾਰ ਕੁੱਝ ਹਸਪਤਾਲਾਂ ਵਲੋਂ। ਫ਼ਲਾਣੀ ਤਾਰੀਖ਼, ਫ਼ਲਾਣੀ ਥਾਂ ‘ਤੇ ਮੁਫ਼ਤ ਅੱਖਾਂ ਦਾ ਕੈਂਪ ਲਾਇਆ ਜਾਵੇਗਾ … ਕਰਵਾ ਦੇਈਦੀ ਸੀ ਐਨਾਊਂਸਮੈਂਟ। ਬਾਅਦ ‘ਚ ਪਤਾ ਲੱਗਿਆ ਮੁਫ਼ਤ ਕੁੱਝ ਨਹੀਂ ਹੁੰਦਾ, ਦਵਾਈਆਂ ਅਤੇ ਟੈੱਸਟ ਵਗੈਰਾ ਕਰ ਕੇ ਪੈਸੇ ਤਾਂ ਕਢਵਾ ਹੀ ਲਏ ਜਾਂਦੇ ਸਨ। ਇੱਕ ਐਨਾਊਂਸਮੈਂਟ ਕਰਵਾਉਣ ਦੀ ਤਾਂ ਮੈਨੂੰ ਕਾਫ਼ੀ ਕੀਮਤ ਚੁਕਾਉਣੀ ਪਈ ਸੀ। ਕੁੱਲੂ ਕੋਈ ਸੰਸਥਾ ਖੁੱਲ੍ਹਣੀ ਸੀ। ਸਟਾਫ਼ ਚਾਹੀਦਾ ਸੀ ਉਨ੍ਹਾਂ ਨੂੰ। ਉਨ੍ਹਾਂ ਨੇ ਉਹ ਇਸ਼ਤਿਹਾਰ ਸਾਡੇ ਕੋਲ ਭੇਜਿਆ। ਸਨ 2000 ਦੇ ਆਸਪਾਸ ਦੀ ਗੱਲ ਹੈ। ਸਾਢੇ ਚਾਰ ਸੌ ਦਾ ਡਰਾਫ਼ਟ ਲਾਉਣਾ ਸੀ ਨਾਲ ਨੌਕਰੀ ਲਈ ਅਰਜ਼ੀ ਭੇਜਣ ਵਾਲੇ ਨੇ। ਨੌਕਰੀਆਂ ਕਾਫ਼ੀ ਸਨ। ਅੱਛੇ ਸਕੇਲ ਸਨ। ਪੈਸੇ ਕਮਾਉਣ ਲਈ ਰੇਡੀਓ ਵਾਲਿਆਂ ਨੂੰ ਟੀਚੇ ਯਾਨੀ ਟਾਰਗੈੱਟ ਮਿਲਣੇ ਸ਼ੁਰੂ ਹੋ ਗਏ ਸਨ। ਡਾਕਟਰ ਦੂਬੇ ਰੇਡੀਓ ਦੇ ਡਾਇਰੈਕਟਰ ਸਨ। ਉਨ੍ਹਾਂ ਨਾਲ ਗੱਲ ਕੀਤੀ। ਫ਼ੈਸਲਾ ਹੋਇਆ ਕਿ ਉਹ ਇਸ਼ਤਿਹਾਰ ਦੀ ਫ਼ੀਸ ਦੇ ਦੇਣ ਅਤੇ ਸ਼ਿਮਲਾ ਰੇਡੀਓ ਨੌਕਰੀਆਂ ਦੀ ਐਨਾਊਂਸਮੈਂਟ ਸ਼ਾਮ ਸਵੇਰੇ ਦੀਆਂ ਖ਼ਬਰਾਂ ਤੋਂ ਪਹਿਲਾਂ ਕਰਵਾ ਦੇਵੇਗਾ।
ਇਸ਼ਤਿਹਾਰ ਦੀ ਗੱਲ ਕਰਨ ਜਿਹੜੇ ਸਾਹਿਬ ਆਏ ਸਨ, ਉਹ ਕੁੱਲੂ ਦੇ ਸਨ ਅਤੇ ਸ਼ਿਮਲਾ ਵਿਖੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ‘ਚ ਨੌਕਰੀ ਕਰਦੇ ਸਨ ਅਤੇ ਸਟਾਫ਼ ‘ਚ ਕਈਆਂ ਨੂੰ ਜਾਣਦੇ ਸਨ। ਹਫ਼ਤੇ ਭਰ ਉਹ ਵਿੱਗਿਆਪਨ ਚੱਲਿਆ। ਇੱਕ ਦਿਨ ਇੱਕ ਚਿੱਠੀ ਆਉਂਦੀ ਹੈ ਕਿ ਅਸੀਂ ਡਾਕ ਲੈ ਕੇ ਤੁਹਾਡੇ ਦਿੱਤੇ ਪਤੇ ‘ਤੇ ਜਾਂਦੇ ਹਾਂ, ਪਰ ਉੱਥੇ ਤਾਂ ਅਜਿਹਾ ਕੋਈ ਦਫ਼ਤਰ ਹੈ ਹੀ ਨਹੀਂ। ਲੱਗਿਆ ਐਵੇਂ ਕਿਸੇ ਨੂੰ ਗ਼ਲਤੀ ਲੱਗੀ ਹੈ। ਇੱਕ ਦਿਨ ਇੱਕ ਹੋਰ ਚਿੱਠੀ ਆਉਂਦੀ ਹੈ, ਉਹ ਜ਼ਿਆਦਾ ਹੀ ਖ਼ਤਰਨਾਕ ਸੀ। ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਦੇ ਦਫ਼ਤਰ ਤੋਂ ਆਇਆ ਹੈ ਇਹ ਪੱਤਰ। ਨਾਲ ਕਿਸੇ ਅਰਜ਼ੀ ਭੇਜਣ ਵਾਲੇ ਉਮੀਦਵਾਰ ਦਾ ਪੱਤਰ ਹੈ ਕਿ ਮੈਂ ਆਪ ਦੇਣ ਗਿਆ ਸੀ ਅਰਜ਼ੀ। ਉੱਥੇ ਤਾਂ ਰੜਾ ਮੈਦਾਨ ਸੀ, ਇੱਕ ਛੋਟਾ ਜਿਹਾ ਬੋਰਡ ਲੱਗਿਆ ਹੋਇਆ ਸੀ ਜਿਸ ਉੱਪਰ ਸੰਸਥਾ ਦਾ ਨਾਂ ਲਿਖਿਆ ਹੋਇਆ ਸੀ। ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੇ ਪੁੱਛਿਆ ਸੀ ਕਿ ਬਿਨਾਂ ਜਾਂਚੇ ਪਰਖੇ ਰੇਡੀਓ ਅਜਿਹਾ ਕੰਮ ਕਿਸ ਤਰ੍ਹਾਂ ਕਰ ਸਕਦਾ ਹੈ? ਅਤੇ ਹਜ਼ਾਰਾਂ ਉਮੀਦਵਾਰ ਜਿਹੜੇ ਸਾਢੇ ਚਾਰ ਚਾਰ ਸੌ ਭੇਜ ਚੁੱਕੇ ਹਨ, ਉਨ੍ਹਾਂ ਦੇ ਪੈਸੇ ਕੌਣ ਵਾਪਿਸ ਕਰੇਗਾ?
ਮੇਰੇ ਹੋਸ਼ ਉ ਡ ਗਏ। ਕੇਂਦਰ ਨਿਰਦੇਸ਼ਕ ਨੂੰ ਦੱਸੀ ਸਾਰੀ ਗੱਲ। ਉਹ ਜਿਹੜੇ ਆਏ ਸਨ ਚਿੱਠੀ ਲੈਕੇ ਉਨ੍ਹਾਂ ਨੂੰ ਲੱਭਿਆ ਗਿਆ। ਉਹ ਵੀ ਪਰੇਸ਼ਾਨ ਹੋ ਗਏ। ਸਾਡੇ ਕਹਿਣ ‘ਤੇ ਉਹ ਕੁੱਲੂ ਗਏ। ਸੱਚਮੁੱਚ ਉਥੇ ਕੋਈ ਅਜਿਹੀ ਸੰਸਥਾ ਨਹੀਂ ਸੀ। ਉਨ੍ਹਾਂ ਨੇ ਡਾਕਖਾਨੇ ਜਾਕੇ ਸਾਰੀ ਡਾਕ, ਉਸ ਪਤੇ ‘ਤੇ ਆਈ ਹੋਈ, ਵਾਪਿਸ ਕਰਵਾਈ। ਅਸੀਂ ਸਰੋਤਿਆਂ ਤੋਂ ਮੁਆਫ਼ੀ ਮੰਗੀ। ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਸਪਸ਼ਟ ਕੀਤੀ ਗਈ। ਬਾਕੀਆਂ ਨੂੰ ਛੱਡ ਦੇਵੋ। ਮੈਨੂੰ ਲੱਗਿਆ ਮੇਰੇ ਤੋਂ ਗੁਨਾਹ ਹੋ ਗਿਆ ਹੈ। ਬਹੁਤ ਵੱਡੀ ਬੇਵਕੂਫ਼ੀ ਹੋਈ ਹੈ। ਬਹੁਤ ਦਿਨਾਂ ਤਕ ਪ੍ਰੇਸ਼ਾਨ ਰਹੀ ਮੈਂ। ਅੱਗੇ ਤੋਂ ਜ਼ਿਆਦਾ ਧਿਆਨ ਨਾਲ ਕੰਮ ਕਰਨ ਦਾ ਪ੍ਰਣ ਲਿਆ।
***
ਐਨਾਊਂਸਮੈਂਟ ਤੋਂ ਹੀ ਇੱਕ ਹੋਰ ਗੱਲ ਯਾਦ ਆ ਗਈ। ਡਿਊਟੀ ਅਫ਼ਸਰ ਸਾਂ ਜਲੰਧਰ। ਸਵੇਰ ਦੀ ਡਿਊਟੀ ਸੀ ਉਸ ਦਿਨ। ਐਨਾਊਂਸਮੈਂਟ ਡਿਊਟੀ ‘ਤੇ ਬੈਠੇ ਸਨ ਰਾਣੀ ਜੋਸ਼ੀ। ਸੰਨ 1983 ਦੀ ਗੱਲ ਹੈ। ਬੜਾ ਸ਼ੌਕ ਸੀ ਐਨਾਊਂਸਮੈਂਟ ਕਰਨ ਦਾ। ਸਟੂਡੀਓ ਚਲੀ ਗਈ।
”ਰਾਣੀ ਇੱਕ ਐਨਾਊਂਸਮੈਂਟ ਕਰ ਲਵਾਂ?”
ਲੈ ਤੂੰ ਡਿਊਟੀ ਅਫ਼ਸਰ ਹੈਂ, ਮੈਂ ਕੌਣ ਹੁੰਦੀ ਆਂ ਰੋਕਣ ਵਾਲੀ।”ਰਾਣੀ ਨੇ ਮਾਈਕ ਮੇਰੇ ਵੱਲ ਕਰ ਕੇ ਫ਼ੇਡਰ ਔਨ ਕਰ ਦਿੱਤਾ।”ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ, ਸਵੇਰ ਦੇ ਸਾਢੇ ਸੱਤ ਵੱਜੇ ਹਨ, ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਕਥਾ ਲੋਕ।”
ਰਾਣੀ ਨੇ ਕਥਾ ਲੋਕ ਪ੍ਰੋਗਰਾਮ ਦੀ ਟੇਪ ਚਲਾ ਦਿੱਤੀ। ਮੈਂ ਬਾਹਰ ਡਿਊਟੀ ਰੂਮ ‘ਚ ਆ ਗਈ। ਨੌ ਚਾਲੀ ਦੀ ਆਖਰੀ ਐਨਾਊਂਸਮੈਂਟ ਕਰ ਕੇ ਰਾਣੀ ਡਿਊਟੀ ਰੂਮ ਆਈ ਤਾਂ ਉਸ ਦੇ ਪਤੀ ਸਤੀਸ਼ ਦਾ ਲੁਧਿਆਣੇ ਤੋਂ ਫ਼ੋਨ ਆ ਗਿਆ, ”ਇਹ ਅੱਜ ਸਾਢੇ ਸੱਤ ਵਜੇ ਕੀਹਨੇ ਕੀਤੀ ਐਨਾਊਂਸਮੈਂਟ? ਤੂੰ ਠੀਕ ਹੈਂ ਨਾ?”
ਉਹ ਫ਼ਿਕਰਮੰਦ ਸਨ। ਰਾਣੀ ਨੇ ਉਨਾਂ ਨੂੰ ਦਸਿਆ ਕਿ ਦਵਿੰਦਰ ਮਹਿੰਦਰੂ ਸੀ, ”ਕਿਹੋ ਜਿਹੀ ਲੱਗੀ ਐਨਾਊਂਸਮੈਂਟ ਆਪ ਨੂੰ ਉਹਦੀ?” ਉਹ ਹੱਸ ਪਏ। ਜਵਾਬ ਗੋਲ ਕਰ ਗਏ। ਮੈਂ ਸਮਝ ਗਈ। ਉਸ ਤੋਂ ਬਾਅਦ ਮੈਂ ਕਦੇ ਕਿਸੇ ਐਮਰਜੈਂਸੀ ਵੇਲੇ ਵੀ ਐਨਾਊਂਸਮੈਂਟ ਦੀ ਕੋਸ਼ਿਸ਼ ਨਹੀਂ ਕੀਤੀ। ਸਭ ਨੂੰ ਆਪਣਾ ਕੰਮ ਹੀ ਸ਼ੋਭਦਾ ਹੈ। ਹਰ ਕੋਈ ਹਰ ਕੰਮ ਨਹੀਂ ਕਰ ਸਕਦਾ। ਇਸ ਬਾਰੇ ਚਰਚਾ ਅਗਲੇ ਐਪੀਸੋਡ ‘ਚ ਕਰਾਂਗੀ।