ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1477

ਆਮ ਤੌਰ ‘ਤੇ, ਤੁਹਾਡੇ ਕੋਲ ਸਾਰੇ ਜਵਾਬ ਮੌਜੂਦ ਹੁੰਦੇ ਨੇ। ਕਈ ਵਾਰ ਇਹ ਗੁਣ ਤੁਹਾਨੂੰ ਬੇਹੱਦ ਸਫ਼ਲ ਬਣਾ ਦਿੰਦਾ, ਕਈ ਵਾਰ ਇੱਕ ਔਗੁਣ ਬਣ ਕੇ, ਇਹ ਤੁਹਾਨੂੰ ਬਦਨਾਮੀ ਵੀ ਖਟਾਉਂਦੈ। ਅਤੇ ਕਈ ਵਾਰ ਦੋਹੇਂ! ਹੁਣ, ਪਰ, ਤੁਹਾਨੂੰ ਨਹੀਂ ਪਤਾ ਕਿ ਇੱਕ ਖ਼ਾਸ ਸਥਿਤੀ ਨਾਲ ਨਜਿੱਠਣਾ ਕਿਵੇਂ ਹੈ। ਤੁਹਾਡੇ ਮਨ ‘ਚ ਸ਼ੰਕੇ ਅਤੇ ਸ਼ੁਭੇ, ਖ਼ਦਸ਼ੇ ਅਤੇ ਖ਼ੌਫ਼ ਹਨ। ਤੁਹਾਡੇ ਕੋਲ ਸਾਰੇ ਸਹੀ ਜਵਾਬ ਭਾਵੇਂ ਨਾ ਹੋਣ, ਪਰ ਤੁਹਾਡੇ ਕੋਲ ਅਸਲ ‘ਚ ਉਸ ਤੋਂ ਵੀ ਕਿਤੇ ਵੱਧ ਉਪਯੋਗੀ ਕੋਈ ਸ਼ੈਅ ਹੈ। ਸਾਰੇ ਸਹੀ ਸਵਾਲ! ਉਹ ਪੁੱਛਦੇ ਰਹੋ, ਅਤੇ ਤੁਹਾਨੂੰ ਆਪਣੀ ਭਾਵਨਾਤਮਕ ਜ਼ਿੰਦਗੀ ਦੀ ਕਹਾਣੀ ਦਾ ਇੱਕ ਬਹੁਤ ਹੀ ਸੁਖਦਾਇਕ ਨਤੀਜਾ ਪ੍ਰਾਪਤ ਹੋਵੇਗਾ। ਦੂਸਰੇ ਲੋਕ ਜੇਕਰ ਕਿਸੇ ਗੱਲ ਨੂੰ ਲੈ ਕੇ ਨਿਸ਼ਚਿਤ ਹਨ ਤਾਂ ਉਨ੍ਹਾਂ ਨੂੰ ਰਹਿਣ ਦਿਓ। ਤੁਹਾਨੂੰ ਇਸ ਵਕਤ ਸਮਝਦਾਰੀ ਨਾਲ ਚੋਣ ਕਰਨ ਦੀ ਲੋੜ ਹੈ।
ਤੁਸੀਂ ਚਾਹੁੰਦੇ ਹੋ ਕਿ ਚੀਜ਼ਾਂ ਜਿਸ ਤਰ੍ਹਾਂ ਹਨ, ਉਸੇ ਤਰ੍ਹਾਂ ਹੀ ਰਹਿਣ; ਫ਼ਿਰ ਵੀ ਤੁਸੀਂ ਉਨ੍ਹਾਂ ‘ਚ ਤਬਦੀਲੀ ਭਾਲਦੇ ਹੋ। ਤੁਸੀਂ ਸ਼ਾਂਤੀ ਲਈ ਤਰਸਦੇ ਹੋ; ਫ਼ਿਰ ਵੀ ਤੁਸੀਂ ਉਸ਼ਾਹਿਤ ਮਹਿਸੂਸ ਕਰਨਾ ਚਾਹੁੰਦੇ ਹੋ। ਤੁਸੀਂ ਸਥਿਤਰਤਾ ਲੋਚਦੇ ਹੋ; ਫ਼ਿਰ ਵੀ ਐਕਸ਼ਨ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੈ। ਕੀ ਇੱਥੇ ਬੇਕਾਇਦਗੀ ਦਾ ਕੋਈ ਸੰਕੇਤ ਦੇਖਣ ਨੂੰ ਤਾਂ ਨਹੀਂ ਮਿਲ ਰਿਹਾ? ਕੀ ਤੁਸੀਂ ਕੋਈ ਅਜਿਹਾ ਕੇਕ ਲੱਭਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਜਿਹੜਾ ਨਾ ਕੇਵਲ ਤੁਸੀਂ ਹਾਸਿਲ ਕਰ ਸਕੋ ਅਤੇ ਖਾ ਸਕੋ ਸਗੋਂ ਉਸ ਨੂੰ ਖਾਣ ਉਪਰੰਤ ਤੁਹਾਡਾ ਭਾਰ ਵੀ ਥੋੜ੍ਹਾ ਘੱਟ ਜਾਵੇ? ਜੋ ਮੁਕਮਿਨ ਹੈ, ਤੁਸੀਂ ਉਸ ਦੀਆਂ ਹੱਦਾਂ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਫ਼ਿਰ, ਤੁਸੀਂ ਖ਼ਾਸ ਵੀ ਤਾਂ ਹੋ। ਕਈ ਵਾਰ, ਤੁਸੀਂ ਅਜਿਹਾ ਤਵਾਜ਼ਨ ਕਾਇਮ ਕਰ ਲੈਂਦੇ ਹੋ ਜੋ ਕਰਨਾ ਬਾਕੀ ਸਾਰਿਆਂ ਨੂੰ ਇੱਕ ਜੋਖ਼ਮ ਭਰਪੂਰ ਕਾਰਜ ਜਾਪਦਾ ਹੋਵੇ। ਚਿੰਤਾ ਕਰਨੀ ਛੱਡੋ – ਪਰ ਕੋਸ਼ਿਸ਼ ਕਰਨੀ ਨਹੀਂ!
“All things bright and beautiful; All creatures great and small; All things wise and wonderful; The Lord God made them all.” ਇਹ ਚਰਚਾਂ ‘ਚ ਸੁਣੀ ਜਾਣ ਵਾਲੀ ਇੱਕ ਪੁਰਾਣੀ ਪ੍ਰਭੂ ਉਸਤਤ ਹੈ ਜਿਹੜੀ ਸੇਸਿਲ ਫ੍ਰਾਂਸਿਜ਼ ਐਲੈਗਜ਼ੈਂਡਰ ਦੀ 1848 ‘ਚ ਪ੍ਰਕਾਸ਼ਿਤ ਕਿਤਾਬ ਹਿੰਮਜ਼ ਫ਼ੌਰ ਲਿਟਲ ਚਿਲਰਨ ‘ਚ ਪਹਿਲੀ ਵਾਰ ਛਪੀ ਸੀ। ਇਹ ਭਜਨ ਇੰਨਾ ਮਕਬੂਲ ਕਿਓਂ ਹੈ? ਕਿਉਂਕਿ ਇਹ ਇੱਕ ਹਕੀਕਤ ਹੈ। ਇਹ ਸਿਰਜਣਾ ਲਾਜਵਾਬ ਹੈ, ਅਤੇ ਤੁਸੀਂ ਇਸ ਦਾ ਇੱਕ ਸ਼ਾਨਦਾਰ ਹਿੱਸਾ ਹੋ। ਉਨ੍ਹਾਂ ਖ਼ੂਬਸੂਰਤ ਤਿਤਲੀਆਂ ਦੀ ਪਰਵਾਹ ਨਾ ਕਰੋ, ਭੁੱਲ ਜਾਓ ਉਸ ਸਾਰੀ ਵਿਲੱਖਣ ਬਨਸਪਤੀ ਅਤੇ ਜੀਵ-ਜੰਤੂਆਂ ਨੂੰ, ਖ਼ੁਦ ਵੱਲ ਦੇਖੋ। ਦੇਖੋ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਤਜਰਬਾ ਤੁਸੀਂ ਹਾਸਿਲ ਕਰ ਚੁੱਕੇ ਹੋ, ਚੰਗਾ ਜਾਂ ਮਾੜਾ ਦੋਹੇਂ। ਇਹ ਸਭ ਕੁੱਝ ਉਸ ਪਰਮਾਤਮਾ ਦੀ ਲਾਮਿਸਾਲ ਸ਼ਕਤੀ ਦੀ ਹੀ ਤਾਂ ਸ਼ਾਹਦੀ ਭਰਦੈ। ਪਰ ਉਹ ਤਾਕਤ ਪਈ ਕਿੱਥੇ ਹੈ? ਘੱਟੋ-ਘੱਟ ਅੰਸ਼ਕ ਤੌਰ ‘ਤੇ … ਤੁਹਾਡੇ ਮਨ ਅੰਦਰ। ਅਤੇ ਜੋ ਕੁੱਝ ਵੀ ਇਸ ਸੰਸਾਰ ‘ਚ ਚੰਗੈ, ਉਸ ਕੋਲ ਤੁਹਾਡੇ ਲਈ ਇੱਕ ਬਹੁਤ ਵਧੀਆ ਯੋਜਨਾ ਤਿਆਰ ਹੈ।
ਟੈਲੀਵਿਯਨ ਪ੍ਰੋਗਰਾਮਾਂ ਦੇ ਪੇਸ਼ਕਾਰ। ਸਵੇਰ ਵੇਲੇ ਦੇ ਪ੍ਰੋਗਰਾਮਾਂ ਦੇ ਰੇਡੀਓ ਹੋਸਟ। ਟੈਲੀਫ਼ੋਨ ‘ਤੇ ਸਾਮਾਨ ਵੇਚਣ ਵਾਲੇ। ਨਿਆਣਿਆਂ ਦਾ ਮਨਪ੍ਰਚਾਵਾ ਕਰਨ ਵਾਲੇ ਕਲਾਕਾਰ। ਧਾਰਮਿਕ ਪ੍ਰਤੀਨਿਧੀ। ਇਹ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਹਰ ਵਕਤ ਹਸਮੁਖ ਦਿਖਦੇ ਰਹਿਣਾ ਪੈਂਦੈ। ਹਰ ਵਕਤ ਖ਼ੁਸ਼ ਅਤੇ ਤਰੋ-ਤਾਜ਼ਾ। ਉਨ੍ਹਾਂ ਨੂੰ ਕਦੇ ਵੀ ਉਦਾਸ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਜਾਂ ਉਹ ਨਿਰਾਸ਼ਾ ਅਤੇ ਮਾਯੂਸੀ ਦੀ ਭਾਵਨਾ ‘ਚ ਗੋਤੇ ਨਹੀਂ ਖਾ ਸਕਦੇ। ਆਈ ਜੇ ਕੁੱਝ ਸਮਝ? ਕੀ ਤੁਸੀਂ ਵੀ ਸੱਚਮੁੱਚ ਅਜਿਹੇ ਲੋਕਾਂ ਦੀ ਸੂਚੀ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ? ਜੇ ਤੁਸੀਂ ਚਾਹੋ ਤਾਂ ਅਜਿਹਾ ਫ਼ਿੱਕਾ ਅਤੇ ਨੀਰਸ ਨਾਟਕ ਕਰ ਸਕਦੇ ਹੋ। ਪਰ ਕੀ ਤੁਹਾਡੇ ਲਈ ਕਿਸੇ ਝੂਠੇ ਮਖੌਟੇ ਪਿੱਛੇ ਛੁਪਿਆ ਅਸਲੀ ਚਿਹਰਾ ਦੇਖਣਾ ਵਧੇਰੇ ਮਹੱਤਵਪੂਰਨ ਨਹੀਂ? ਇਸ ਵਕਤ ਤੁਹਾਨੂੰ ਪ੍ਰਗਤੀ ਅਤੇ ਮਕਬੂਲੀਅਤ ‘ਚੋਂ ਕਿਸੇ ਇੱਕ ਨੂੰ ਚੁਣਨਾ ਪੈਣੈ।
ਕੁੱਝ ਲੋਕ ਕਹਿੰਦੇ ਹਨ ਕਿ ਮਨੁੱਖੀ ਸ਼ਰੀਰ ਇੱਕ ਮੰਦਰ ਵਾਂਗ ਹੁੰਦੈ, ਅਤੇ ਸਾਨੂੰ ਉਸ ਨੂੰ ਸੰਪੂਰਣ ਇੱਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਅਜਿਹਾ ਮੰਨਣੈ ਕਿ ਸਾਨੂੰ ਉਸ ਨੂੰ ਬਿਹਤਰ ਤੋਂ ਛੁੱਟ ਹੋਰ ਕੁੱਝ ਨਹੀਂ ਦੇਣਾ ਚਾਹੀਦਾ। ਪਰ ਇਸ ਫ਼ਲਸਫ਼ੇ ਦਾ ਇੱਕ ਨਾਕਾਰਾਤਮਕ ਪਹਿਲੂ ਵੀ ਹੈ। ਤੁਹਾਨੂੰ ਕੀ ਖਾਣਾ, ਪੀਣਾ ਜਾਂ ਕਰਨਾ ਚਾਹੀਦੈ, ਇਸ ਨੂੰ ਲੈ ਕੇ ਗ਼ੈਰ-ਸਿਹਤਮੰਦਾਨਾ ਹੱਦ ਤਕ ਕੱਟੜ ਹੋਣਾ ਬਹੁਤ ਸੌਖਾ ਹੁੰਦੈ। ਵੱਖੋ-ਵੱਖ ਚੀਜ਼ਾਂ ‘ਚ ਫ਼ਰਕ ਸਮਝਣ ਦੀ ਤਮੀਜ਼ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਜਿਹੜਾ ਲਾਹਾ ਤੁਸੀਂ ਖੱਟ ਸਕਦੇ ਹੋ, ਉਹ ਚਿੰਤਾ ਕਰਨ ਨਾਲ ਤੁਹਾਡੇ ਵਲੋਂ ਕੀਤੇ ਗਏ ਨੁਕਸਾਨ ਦੀ ਕਾਟ ਕਰਦੈ। ਭਾਵਨਾਤਮਕ ਭੈਅ ਤੋਂ ਜ਼ਿਆਦਾ ਸਾਡਾ ਨੁਕਸਾਨ ਹੋਰ ਕੋਈ ਵੀ ਸ਼ੈਅ ਨਹੀਂ ਕਰਦੀ, ਅਤੇ ਤੁਹਾਡੀ ਕੀਮਤ ਉਸ ਤੋਂ ਕਿਤੇ ਵੱਧ ਹੈ। ਨਾਕਾਰਾਤਮਕਤਾ ਦਾ ਖਹਿੜਾ ਛੱਡੋ ਅਤੇ ਸਾਕਾਰਾਤਮਕਤਾ ਨੂੰ ਗਲਵਕੜੀ ਪਾ