ਮੁੰਬਈ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬੌਰਡਰ-ਗਾਵਸਕਰ ਟਰਾਫ਼ੀ 9 ਫ਼ਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਸ੍ਰੀ ਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਮਹੇਲਾ ਜੈਵਰਧਨੇ ਨੇ ਵੀ ਇਸ ਟੈੱਸਟ ਸੀਰੀਜ਼ ਦੇ ਨਤੀਜੇ ਦੀ ਭਵਿੱਖਬਾਣੀ ਕਰ ਦਿੱਤੀ ਹੈ। ਜੈਵਰਧਨੇ ਨੇ ਇਸ ਟੈੱਸਟ ਸੀਰੀਜ਼ ‘ਚ ਆਸਟ੍ਰੇਲੀਆਈ ਟੀਮ ਨੂੰ 2-1 ਨਾਲ ਜਿੱਤਣ ਦੀ ਉਮੀਦ ਜਤਾਈ ਹੈ।
ਆਸਟ੍ਰੇਲੀਆਈ ਟੀਮ ਨੇ ਆਖ਼ਰੀ ਵਾਰ 2004 ਦੇ ਭਾਰਤ ਦੌਰੇ ‘ਤੇ ਟੈੱਸਟ ਸੀਰੀਜ਼ 2-1 ਨਾਲ ਜਿੱਤੀ ਸੀ। ਓਦੋਂ ਤੋਂ ਲੈ ਕੇ ਹੁਣ ਤਕ ਉਹ ਭਾਰਤ ‘ਚ ਇੱਕ ਵੀ ਟੈੱਸਟ ਸੀਰੀਜ਼ ਨਹੀਂ ਜਿੱਤ ਸਕਿਆ। ICC ਸਮੀਖਿਆ ਬਾਰੇ ਗੱਲ ਕਰਦੇ ਹੋਏ ਜੈਵਰਧਨੇ ਨੇ ਇਸ ਟੈੱਸਟ ਸੀਰੀਜ਼ ਬਾਰੇ ਕਿਹਾ ਕਿ ਇਹ ਬਹੁਤ ਰੋਮਾਂਚਕ ਹੋਣ ਵਾਲੀ ਹੈ, ਪਰ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਇਸ ਟੈੱਸਟ ਸੀਰੀਜ਼ ਦਾ ਨਤੀਜਾ ਕੀ ਹੋਵੇਗਾ। ਸ੍ਰੀ ਲੰਕਾਈ ਹੋਣ ਦੇ ਨਾਤੇ ਮੈਨੂੰ ਉਮੀਦ ਹੈ ਕਿ ਆਸਟਰੇਲੀਆ ਇਸ ਟੈੱਸਟ ਸੀਰੀਜ਼ ਨੂੰ 2-1 ਨਾਲ ਜਿੱਤ ਸਕਦਾ ਹੈ, ਪਰ ਉਨ੍ਹਾਂ ਲਈ ਇਹ ਆਸਾਨ ਨਹੀਂ ਹੋਵੇਗਾ।
ਜੈਵਰਧਨੇ ਨੇ ਅੱਗੇ ਕਿਹਾ ਕਿ ਦੋਵਾਂ ਟੀਮਾਂ ਕੋਲ ਸ਼ਾਨਦਾਰ ਗੇਂਦਬਾਜ਼ੀ ਹਮਲੇ ਹਨ, ਅਤੇ ਅਜਿਹੇ ‘ਚ ਸੀਰੀਜ਼ ਦਾ ਨਤੀਜਾ ਉਸ ਟੀਮ ਦੇ ਪੱਖ ‘ਚ ਆਉਣ ਦੀ ਉਮੀਦ ਹੈ, ਜਿਸ ਦੇ ਬੱਲੇਬਾਜ਼ ਬਿਹਤਰ ਪ੍ਰਦਰਸ਼ਨ ਕਰਨਗੇ। ਇਹ ਸਭ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਦੋਵਾਂ ਵਿੱਚੋਂ ਕਿਹੜੀ ਟੀਮ ਪਹਿਲਾਂ ਆਪਣੀ ਲੈਅ ਹਾਸਿਲ ਕਰਦੀ ਹੈ। ਜੇ ਅਸੀਂ ਇਸ ਟੈੱਸਟ ਸੀਰੀਜ਼ ‘ਚ ਦੋਵਾਂ ਟੀਮਾਂ ਦੇ ਗੇਂਦਬਾਜ਼ੀ ਹਮਲੇ ‘ਤੇ ਨਜ਼ਰ ਮਾਰੀਏ ਤਾਂ ਇਹ ਕਾਫ਼ੀ ਪ੍ਰਭਾਵਸ਼ਾਲੀ ਹੈ।
ਭਾਰਤ ਕੋਲ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਰੂਪ ‘ਚ ਦੋ ਅਜਿਹੇ ਤਜਰਬੇਕਾਰ ਸਪਿਨ ਗੇਂਦਬਾਜ਼ ਹਨ, ਅਤੇ ਇਨ੍ਹਾਂ ਪਿੱਚਾਂ ‘ਤੇ ਉਨ੍ਹਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਣ ਵਾਲਾ। ਇਸ ਦੇ ਨਾਲ ਹੀ ਆਸਟਰੇਲੀਆ ਕੋਲ ਕਪਤਾਨ ਪੈਟ ਕਮਿਨਜ਼ ਤੋਂ ਇਲਾਵਾ ਨੇਥਨ ਲਿਓਨ ਵੀ ਹੈ ਜਿਸ ਨੇ ਪਿਛਲੇ ਸਮੇਂ ‘ਚ ਵੀ ਭਾਰਤੀ ਬੱਲੇਬਾਜ਼ਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਹੈ। ਹਾਲਾਂਕਿ ਆਸਟਰੇਲੀਆਈ ਟੀਮ ਨੂੰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ, ਜਿਨ੍ਹਾਂ ‘ਚ ਟੀਮ ਦੇ ਦੋ ਮੁੱਖ ਤੇਜ਼ ਗੇਂਦਬਾਜ਼ ਮਿਸ਼ੈਲ ਸਟਾਰਕ ਅਤੇ ਜੋਸ਼ ਹੇਜ਼ਲਵੁਡ ਅਨਫ਼ਿੱਟ ਹੋਣ ਕਾਰਨ ਨਾਗਪੁਰ ਟੈੱਸਟ ‘ਚ ੋਂ ਬਾਹਰ ਹੋ ਗਏ ਸਨ।