LAC ਦੀ ਸਥਿਤੀ ’ਤੇ ਬੋਲੇ ਆਰਮੀ ਕਮਾਂਡਰ- ਕਿਸੇ ਵੀ ਹਮਲਾਵਰ ਕਾਰਵਾਈ ਦਾ ਭਾਰਤ ਦੇਵੇਗਾ ਢੁੱਕਵਾਂ ਜਵਾਬ

ਸ਼੍ਰੀਨਗਰ – ਭਾਰਤੀ ਜ਼ਮੀਨੀ ਫ਼ੌਜ ਨੇ ਕਿਹਾ ਹੈ ਕਿ ਉਹ ਲੱਦਾਖ ਸੈਕਟਰ ਵਿਚ ਕਿਸੇ ਵੀ ਹਮਲਾਵਰ ਚੀਨੀ ਕਾਰਵਾਈ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹੈ। ਜਵਾਨਾਂ ਦੀ ਗਸ਼ਤ ਅਤੇ ਤਕਨੀਕੀ ਸਾਧਨਾਂ ਰਾਹੀਂ ਦੇਸ਼ ਦੀ ਅਖੰਡਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮੰਗਲਵਾਰ ਇੱਥੇ ਬਦਾਮੀ ਬਾਗ ਛਾਉਣੀ ਖੇਤਰ ‘ਚ ਇਕ ਸਮਾਗਮ ਵਿਚ ਫ਼ੌਜ ਦੀ ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਨੇ ਬਹੁਤ ਸਾਰੇ ਸਬਕ ਸਿਖਾਏ ਹਨ ਐੱਲ.ਏ.ਸੀ. (ਅਸਲ ਕੰਟਰੋਲ ਰੇਖਾ) ’ਤੇ ਇਕਪਾਸੜ ਸਥਿਤੀ ਨੂੰ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਪ੍ਰਤੀ ਸਾਡਾ ਜਵਾਬ ਭਾਰਤੀ ਹਥਿਆਰਬੰਦ ਫ਼ੋਰਸਾਂ ਵਲੋਂ ਤੁਰੰਤ, ਦਲੇਰਾਨਾ ਅਤੇ ਤਾਲਮੇਲ ਵਾਲੀ ਕਾਰਵਾਈ ਦੇ ਰੂਪ ‘ਚ ਹੋਵੇਗਾ। ਤਿੰਨਾਂ ਸੇਵਾਵਾਂ ਭਾਵ ਜ਼ਮੀਨੀ ਫ਼ੌਜ, ਹਵਾਈ ਫ਼ੌਜ ਅਤੇ ਸਮੁੰਦਰੀ ਫ਼ੌਜ ’ਚ ਪੂਰਾ ਤਾਲਮੇਲ ਹੈ। ਸਾਰੇ ਪੱਧਰਾਂ ‘ਤੇ ਸੁਲ੍ਹਾ-ਸਫ਼ਾਈ ਦੇ ਉਪਾਅ ਵੀ ਨਾਲੋ-ਨਾਲ ਚੱਲ ਰਹੇ ਹਨ।
ਲੈਫਟੀਨੈਂਟ ਜਨਰਲ ਦਿਵੇਦੀ ਨੇ ਕਿਹਾ ਕਿ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸਾਡੇ ਜਵਾਨ ਪੂਰਬੀ ਲੱਦਾਖ ਵਿਚ ਐੱਲ.ਏ.ਸੀ. ‘ਚ ਗਸ਼ਤ ਕਰ ਰਹੇ ਹਨ। ਉੱਥੇ ਤਕਨੀਕੀ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਖੇਤਰੀ ਅਖੰਡਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਚੌਕਸੀ ’ਤੇ ਹਾਂ। ਸਾਰੇ ਵਿਕਾਸ ’ਤੇ ਨਜ਼ਰ ਰੱਖ ਰਹੇ ਹਾਂ। ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਸਾਰੇ ਲੋੜੀਂਦੇ ਕਦਮ ਚੁੱਕਾਂਗੇ। ਫੌਜ ਦੇ ਕਮਾਂਡਰ ਨੇ ਨੋਟ ਕੀਤਾ ਕਿ ਸਾਈਬਰ ਅਤੇ ਪੁਲਾੜ ਇਸ ਸਮੇ ਜੰਗ ਦੇ ਨਵੇਂ ਮੈਦਾਨ ਬਣ ਕੇ ਉੱਭਰੇ ਹਨ।