ਲੁਧਿਆਣਾ ਦੀ ਅਦਾਲਤ ਵਿਚ ਚੱਲੀਆਂ ਗੋਲ਼ੀਆਂ, ਗੈਂਗਵਾਰ ਦਾ ਖ਼ਦਸ਼ਾ

ਲੁਧਿਆਣਾ : ਲੁਧਿਆਣਾ ਦੀ ਅਦਾਲਤ ਦੇ ਬਾਹਰ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪੇਸ਼ੀ ਭੁਗਤਣ ਆਏ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੀ ਅਦਾਲਤ ਵਿਚ ਤਿੰਨ ਰਾਊਂਡ ਫਾਇਰ ਹੋਏ ਹਨ। ਇਸ ਗੋਲੀਬਾਰੀ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਸ਼ਨਾਖਤ ਹਿਮਾਸ਼ੂ ਵਜੋਂ ਹੋਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਆਪਣੇ ਦੋਸਤ ਗੁਰਚਰਨ ਸਿੰਘ ਨਾਲ ਅਪਰਾਧਕ ਮਾਮਲੇ ਵਿਚ ਪੇਸ਼ੀ ਭੁਗਤਨ ਆਇਆ ਸੀ।
ਇਸ ਦੌਰਾਨ ਵਿਰੋਧੀ ਪਾਰਟੀ ਵੱਲੋਂ ਉਕਤ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਅਦਾਲਤੀ ਕੰਪਲੈਕਸ ਵਿਚ ਗੋਲੀ ਚੱਲਣ ਕਾਰਨ ਭਗਦੜ ਮਚ ਗਈ। ਲੁਧਿਆਣਾ ਦੀ ਅਦਾਲਤ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੁੰਦੇ ਹਨ ਪਰ ਇਸ ਦੇ ਬਾਵਜੂਦ ਅਪਰਾਧਕ ਅਨਸਰਾਂ ਵਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।