ਸੁਰੇਂਦਰਨਗਰ – ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਇਕ ਮਿੰਨੀ ਵੈਨ ਰਾਜਮਾਰਗ ਦੇ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ, ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਾਇਲਾ ਪੁਲਸ ਥਾਣੇ ਦੇ ਇਕ ਅਧਿਕਾਰੀ ਅਨੁਸਾਰ, ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬਚਾਅ ਦਲ ਨੂੰ ਲਾਸ਼ਾਂ ਨੂੰ ਵਾਹਨ ‘ਚੋਂ ਬਾਹਰ ਕੱਢਣ ‘ਚ ਕਾਫ਼ੀ ਸਮਾਂ ਲੱਗਾ।
ਅਧਿਕਾਰੀ ਨੇ ਦੱਸਿਆ,”ਵੈਨ ਰਾਸ਼ਟਰੀ ਰਾਜਮਾਰਗ ‘ਤੇ ਮੋਡਾਸਾ ਤੋਂ ਰਾਜਕੋਟ ਵੱਲ ਜਾ ਰਹੀ ਸੀ, ਉਦੋਂ ਉਹ ‘ਆਇਆ ਪਿੰਡ’ ਕੋਲ ਖੜ੍ਹੇ ਇਕ ਟਰੱਕ ਨਾਲ ਪਿੱਛਿਓਂ ਜਾ ਟਕਰਾਈ। ਵੈਨ ਸਵਾਰ ਸਾਰੇ ਚਾਰ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।” ਦੱਸਣਯੋਗ ਹੈ ਕਿ ਸੋਮਵਾਰ ਨੂੰ ਗੁਜਰਾਤ ਦੇ ਆਨੰਦ ਸ਼ਹਿਰ ਕੋਲ ਵੀ ਵਡੋਦਰਾ-ਅਹਿਮਦਾਬਾਦ ਐਕਸਪ੍ਰੈੱਸ ਵੇਅ ‘ਤੇ ਖੜ੍ਹੇ ਇਕ ਟਰੱਕ ਨਾਲ ਵੈਨ ਦੀ ਟੱਕਰ ਹੋਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।