ਕੋਲਕਾਤਾ – ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਉਦਯੋਗਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਆਜ਼ਾਦ ਜਾਂਚ ਦੀ ਮੰਗ ਨੂੰ ਲੈ ਕੇ ਸੰਸਦ ਦੀ ਕਾਰਵਾਈ ਰੋਕਣ ਨੂੰ ਲੈ ਕੇ ਸ਼ਨੀਵਾਰ ਨੂੰ ਕਾਂਗਰਸ ਤੇ ਨਿਸ਼ਾਨਾ ਵਿੰਨ੍ਹਿਆ। ਅਡਾਨੀ ਮਾਮਲੇ ‘ਚ ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਮੁਲਤਵੀ ਹੋ ਗਈ ਸੀ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ,”ਸਰਕਾਰ ਨੇ ਵਾਰ-ਵਾਰ ਕਿਹਾ ਹੈ ਕਿ ਉਹ ਕਿਸੇ ਵੀ ਗੱਲਬਾਤ ਲਈ ਤਿਆਰ ਹੈ ਪਰ ਉਹ (ਵਿਰੋਧੀ ਧਿਰ) ਇਸ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਨਾਲ ਸ਼ੁਰੂ ਕਿਉਂ ਨਹੀਂ ਕਰਦੇ? ਅਜਿਹਾ ਇਸ ਲਈ ਕਿਉਂਕਿ ਵਿਰੋਧੀ ਧਿਰ ਨੇ ਹਮੇਸ਼ਾ ਇਕ ਰੁਖ ਅਪਣਾਇਆ ਹੈ, ਜੋ ਭਾਰਤ ਦੇ ਰਾਸ਼ਟਰਪਤੀ ਵਿਰੋਧੀ ਹੈ ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਇਹ ਪਤਾ ਹੈ।” ਮੰਤਰੀ ਨੇ ਕਿਹਾ,”ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਕ ਅਜਿਹਾ ਭਾਸ਼ਣ ਦਿੱਤਾ ਹੈ, ਜੋ ਨਾ ਸਿਰਫ਼ ਭਾਰਤ ਦੇ ਭਵਿੱਖ ਦੀ ਨੀਂਹ ਰੱਖਦਾ ਹੈ ਸਗੋਂ ਸਾਡੀ ਮੌਜੂਦਾ ਸਮਰੱਥਾ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ ਅਤੇ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕਰਨ ਦੀ ਲੋੜ ਹੈ।”