ਲੁਧਿਆਣਾ : ਪਿੰਡ ਫੁੱਲਾਂਵਾਲ ਦੇ ਸਰਕਾਰੀ ਹਾਈ ਸਕੂਲ ਦੇ ਸਾਬਕਾ ਇੰਚਾਰਜ ਵੱਲੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਦੀ ਬੋਰਡ ਦੀ ਪ੍ਰੀਖਿਆ ਫੀਸ ਸਮੇਂ ’ਤੇ ਜਮ੍ਹਾ ਨਾ ਕਰਵਾਏ ਜਾਣ ਦਾ ਮਾਮਲਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਪੁੱਜ ਗਿਆ ਹੈ। ਮੰਤਰੀ ਬੈਂਸ ਨੇ ਉਕਤ ਮਾਮਲੇ ਦੀ ਜਾਂਚ ਕਰਨ ਲਈ ਸਕੱਤਰ ਐਜੂਕੇਸ਼ਨ ਨੂੰ ਹੁਕਮ ਜਾਰੀ ਕੀਤੇ ਹਨ ਅਤੇ ਸਾਬਕਾ ਇੰਚਾਰਜ ਖ਼ਿਲਾਫ ਕਾਰਵਾਈ ਕਰਨ ਲਈ ਲਿਖਿਆ ਹੈ। ਜਾਣਕਾਰੀ ਮੁਤਾਬਕ ਫੁੱਲਾਂਵਾਲ ਪਿੰਡ ਦੇ ਕੁਝ ਨਿਵਾਸੀਆਂ ਨੇ ਇਸ ਸਬੰਧੀ ਸ਼ਿਕਾਇਤ ਸਿੱਖਿਆ ਮੰਤਰੀ ਨੂੰ ਕੀਤੀ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਸਾਬਕਾ ਇੰਚਾਰਜ ਦੀ ਲਾਪ੍ਰਵਾਹੀ ਕਾਰਨ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫੀਸ 4 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨੇ ਦੇ ਨਾਲ ਜਮ੍ਹਾ ਕਰਵਾਉਣੀ ਪਈ ਹੈ, ਜਿਸ ਵਿਚ ਸਕੂਲ ਦੇ ਕੁਝ ਅਧਿਆਪਕਾਂ ਨੇ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰ ਕੇ ਬੋਰਡ ਨੂੰ ਜੁਰਮਾਨਾ ਜਮ੍ਹਾ ਕਰਵਾਇਆ ਹੈ।
ਪਿੰਡ ਵਾਸੀਆਂ ਵੱਲੋਂ ਲਿਖੀ ਗਈ ਸ਼ਿਕਾਇਤ ’ਚ ਸਿੱਖਿਆ ਮੰਤਰੀ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਜਿੰਨਾ ਵੀ ਜੁਰਮਾਨਾ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫੀਸ ’ਤੇ ਲੱਗਾ ਹੈ, ਉਸ ਦੀ ਵਸੂਲੀ ਸਾਬਕਾ ਇੰਚਾਰਜ ਤੋਂ ਕੀਤੀ ਜਾਵੇ। ਫੁੱਲਾਂਵਾਲ ਪਿੰਡ ਦੇ ਲੋਕਾਂ ਵੱਲੋਂ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਉਕਤ ਸਰਕਾਰੀ ਹਾਈ ਸਕੂਲ ’ਚ 10ਵੀਂ ਕਲਾਸ ਵਿਚ 102 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵੱਲੋਂ ਬੋਰਡ ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ 1200 ਰੁਪਏ ਸਕੂਲ ਇੰਚਾਰਜ ਰਛਪਾਲ ਸਿੰਘ, ਜਿਸ ਦੀ ਹੁਣ ਬਦਲੀ ਹੋ ਚੁੱਕੀ ਹੈ ਦੇ ਕੋਲ ਜਮ੍ਹਾ ਕਰਵਾਈ ਸੀ ਪਰ ਵਿਦਿਆਰਥੀਆਂ ਤੋਂ ਇਕੱਠੀ ਕੀਤੀ ਗਈ ਪ੍ਰੀਖਿਆ ਫੀਸ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਨਿਰਧਾਰਤ ਸਮੇਂ ’ਤੇ ਜਮ੍ਹਾ ਨਹੀਂ ਕਰਵਾਈ ਗਈ, ਜਿਸ ਕਾਰਨ ਬੋਰਡ ਵੱਲੋਂ ਹਰ ਵਿਦਿਆਰਥੀ 4000 ਰੁ. ਲੇਟ ਫੀਸ ਜੁਰਮਾਨਾ ਲਗਾਇਆ ਗਿਆ।
ਹੁਣ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਪ੍ਰੀਖਿਆ ਫੀਸ ਸਹੀ ਸਮੇਂ ’ਤੇ ਰਛਪਾਲ ਸਿੰਘ ਦੇ ਕੋਲ ਜਮ੍ਹਾ ਕਰਵਾ ਦਿੱਤੀ ਗਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਦੇ ਹੋਰ ਅਧਿਆਪਕਾਂ ਵੱਲੋਂ ਕੁਝ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫੀਸ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰ ਕੇ ਜੁਰਮਾਨੇ ਸਮੇਤ ਬੋਰਡ ’ਚ ਜਮ੍ਹਾ ਕਰਵਾ ਦਿੱਤੀ ਗਈ, ਜਿਸ ਕਾਰਨ ਅਧਿਆਪਕਾਂ ਨੂੰ ਵੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਨੂੰ ਸਿੱਖਿਆ ਸਕੱਤਰ ਨਿੱਜੀ ਤੌਰ ‘ਤੇ ਧਿਆਨ ਦੇ ਕੇ ਪੜਤਾਲ ਕਰਨ ਉਪਰੰਤ ਰਛਪਾਲ ਸਿੰਘ ਖਿਲਾਫ ਬਣਦੀ ਕਾਰਵਾਈ ਕਰਨ ਅਤੇ ਉਸ ਤੋਂ ਬਣਦੀ ਰਕਮ ਵਸੂਲਦੇ ਹੋਏ ਸੰਬਧਤ ਅਧਿਆਪਕਾਂ ਨੂੰ ਇਸ ਦਾ ਭੁਗਤਾਨ ਕੀਤਾ ਜਾਵੇ।