ਮਾਨ ਕੈਬਨਿਟ ਨੇ 90 ਪੈਸੇ ਪ੍ਰਤੀ ਲੀਟਰ ਵਧਾਇਆ ਸੈਸ, ਨਵੀਂ ਉਦਯੋਗਿਕ ਨੀਤੀ ਨੂੰ ਵੀ ਦਿੱਤੀ ਪ੍ਰਵਾਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਪੰਜਾਬ ਕੈਬਨਿਟ ਮੀਟਿੰਗ ਦੌਰਾਨ ਅੱਜ ਕਈ ਵੱਡੇ ਫੈਸਲੇ ਲਏ ਗਏ। ਕੈਬਨਿਟ ਮੀਟਿੰਗ ਦੌਰਾਨ ਪੈਟਰੋਲ ਅਤੇ ਡੀਜ਼ਲ ’ਤੇ 90 ਪੈਸੇ ਪ੍ਰਤੀ ਲੀਟਰ ਸੈਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਜਾਣਗੀਆਂ। ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਨਤਾ ’ਤੇ ਲਗਾਇਆ ਗਿਆ ਇਹ ਪਹਿਲਾ ਟੈਕਸ ਹੈ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਉਦਯੋਗਿਕ ਨੀਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਰਾਜ ਸਰਕਾਰ ਵੱਲੋਂ 23-24 ਫਰਵਰੀ ਲਈ ਪ੍ਰਸਤਾਵਿਤ ਨਿਵੇਸ਼ਕ ਸੰਮੇਲਨ ਦੇ ਮੱਦੇਨਜ਼ਰ ਨੀਤੀ ਦੀ ਪ੍ਰਵਾਨਗੀ ਮਹੱਤਵਪੂਰਨ ਹੈ। ਸੂਬਾ ਸਰਕਾਰ ਇਸ ਨੀਤੀ ਨੂੰ ਲਾਗੂ ਕਰਕੇ 5 ਲੱਖ ਕਰੋੜ ਰੁਪਏ ਦੇ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਿਵੇਸ਼ਕਾਂ ਨੂੰ ਲੁਭਾਉਣ ਲਈ, ਨੀਤੀ ਉਦਯੋਗਿਕ ਖਪਤਕਾਰਾਂ ਲਈ ਘੱਟ ਬਿਜਲੀ ਦਰਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਉਜਾਗਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਸੂਬੇ ਦੀਆਂ 18 ਥਾਵਾਂ ’ਤੇ ਖੁੱਲ੍ਹੀ ਮਾਈਨਿੰਗ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਲੋਕ ਹੁਣ ਟਰੈਕਟਰ ਟਰਾਲੀ ਲੈ ਕੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤ ਕੱਢ ਸਕਦੇ ਹਨ। ਇਲੈਕਟਿ੍ਰਕ ਵਾਹਨ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।