ਕਿਹਾ : ਸਖਤ ਫੈਸਲੇ ਲੈਣ ਲਈ ਮਜਬੂਰ ਨਾ ਕਰੋ, ਕੇਂਦਰ ਨੇ ਕਿਹਾ 5 ਜੱਜਾਂ ਦੀ ਜਲਦ ਹੋਵੇਗੀ ਨਿਯੁਕਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ’ਚ ਹੋ ਰਹੀ ਦੇਰੀ ਕਾਰਨ ਸੁਪਰੀਮ ਕੋਰਟ ਕੇਂਦਰ ਸਰਕਾਰ ਨਾਲ ਨਾਰਾਜ਼ ਹੋ ਗਿਆ ਹੈ। ਨਿਯੁਕਤੀ ’ਚ ਹੋ ਰਹੀ ਦੇਰੀ ਨੂੰ ਲੈ ਕੇ ਪਾਈ ਗਈ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ ਅਤੇ ਇਸੇ ਦੌਰਾਨ ਕੇਂਦਰ ਸਰਕਾਰ ਨੇ ਕਾਲਜੀਅਮ ਸਿਸਟਮ ’ਤੇ ਹਲਫਨਾਮਾ ਦਾਇਰ ਕੀਤਾ ਸੀ। ਸਰਕਾਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਕਿ ਪੰਜ ਜੱਜਾਂ ਦੀ ਨਿਯੁਕਤੀ ਦੇ ਲਈ ਕਾਲਜੀਅਮ ਦੀ ਸਿਫਾਰਸ਼ ਜਲਦੀ ਹੀ ਮਨਜ਼ੂਰੀ ਕਰ ਲਈ ਜਾਵੇਗੀ। ਜਦਕਿ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ 13 ਫਰਵਰੀ ਨੂੰ ਹੋਣੀ ਹੈ। ਹਾਈ ਕੋਰਟ ਦੇ ਜੱਜਾਂ ਦੀ ਟਰਾਂਸਫਰ ਦੀ ਸਿਫਾਰਸ਼ ਨੂੰ ਮਨਜੂਰੀ ਦੇਣ ’ਚ ਹੋ ਰਹੀ ਦੇਰੀ ’ਤੇ ਵੀ ਸੁਪਰੀਮ ਕੋਰਟ ਨੇ ਨਰਾਜ਼ਗੀ ਪ੍ਰਗਟਾਈ ਹੈ। ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਸਾਨੂੰ ਸਖਤ ਫੈਸਲਾ ਲੈਣ ਲਈ ਮਜਬੂਰ ਨਾ ਕਰੋ, ਜਿਸ ਨਾਲ ਪ੍ਰੇਸ਼ਾਨੀ ਖੜ੍ਹੀ ਹੋਵੇ। ਧਿਆਨ ਰਹੇ ਕਿ ਸੁਪਰੀਮ ਕੋਰਟ ਕਾਲਜੀਅਮ ਨੇ ਲੰਘੀ 13 ਦਸੰਬਰ ਨੂੰ ਸਰਕਾਰ ਨੂੰ 5 ਨਾਮਾਂ ਦੀ ਸਿਫਾਰਸ਼ ਕੀਤੀ ਸੀ, ਜਿਨ੍ਹਾਂ ’ਚ ਪੰਕਜ ਮਿਥਲ ਚੀਫ਼ ਜਸਟਿਸ ਰਾਜਸਥਾਨ ਹਾਈ ਕੋਰਟ, ਜਸਟਿਸ ਸੰਜੇ ਕਰੋਲ ਚੀਫ਼ ਜਸਟਿਸ ਪਟਨਾ ਹਾਈ ਕੋਰਟ, ਜਸਟਿਸ ਪੀ ਵੀ ਸੰਜੇ ਕੁਮਾਰ ਚੀਫ਼ ਜਸਟਿਸ ਮਣੀਪੁਰ ਹਾਈ ਕੋਰਟ, ਜਸਟਿਸ ਅਹਿਸਾਨੂਦੀਨ ਪਟਨਾ ਹਾਈ ਕੋਰਟ ਅਤੇ ਜਸਟਿਸ ਮਨੋਜ ਮਿਸ਼ਰਾ ਇਲਾਹਾਬਾਦ ਹਾਈ ਕੋਰਟ ਦਾ ਨਾਮ ਸ਼ਾਮਲ ਸੀ।