ਡਾ.ਦੇਵਿੰਦਰ ਮਹਿੰਦਰੂ
ਬੀਤੇ ਦਿਨਾਂ ਦੇ ਵਰਕੇ!
ਸਰਦੀ ਆਪਣੇ ਪੂਰੇ ਸ਼ਬਾਬ ‘ਤੇ ਹੈ। ਉੱਤਰ ਭਾਰਤ ਦੇ ਲੋਕ ਧੁੱਪ, ਜਿੰਨੀ ਕੁ ਉਨ੍ਹਾਂ ਦੇ ਹਿੱਸੇ ‘ਚ ਆਉਂਦੀ ਹੈ, ਸੇਕ ਰਹੇ ਹਨ। ਸ਼ਿਮਲੇ ਵਾਲਿਆਂ ਨੂੰ ਕੁਝ ਜ਼ਿਆਦਾ ਦਰਸ਼ਨ ਹੁੰਦੇ ਹਨ ਧੁੱਪ ਦੇ। ਵਾਤਾਵਰਣ ਸ਼ੁੱਧ ਹੁੰਦਾ ਹੈ, ਕੋਈ ਰੁਕਾਵਟ ਨਹੀਂ ਹੁੰਦੀ ਧੁੱਪ ਦੇ ਤੁਹਾਡੇ ਤਕ ਪਹੁੰਚਣ ‘ਚ। ਅਲਸਾਏ ਜਿਹੇ ਦਿਨ ਹੁੰਦੇ ਹਨ। ਮੈਂ ਸ਼ਿਮਲੇ ‘ਚ ਹਾਂ।
ਅੱਜਕੱਲ੍ਹ ਆਪਣੇ ਸਰਦੀਆਂ ਦੇ ਸ਼ਿਮਲੇ ਦੇ ਦਿਨ ਯਾਦ ਆ ਰਹੇ ਹਨ ਬੜੀ ਸ਼ਿੱਦਤ ਨਾਲ। ਇਹ ਛਪੀ ਹੋਈ ਤਸਵੀਰ ਮੇਰੀ ਰੇਡੀਓ ਦੇ ਡਿਊਟੀ ਰੂਮ ਦੀ ਹੈ। ਪੜ੍ਹ ਲਿਖ ਰਹੀ ਹਾਂ ਕਿ ਕਦੋਂ ਕਿਹੜਾ ਪ੍ਰੋਗਰਾਮ ਪ੍ਰਸਾਰਿਤ ਹੋਣਾ ਹੈ ਅਤੇ ਕਿਸ ਵਕਤ।
ਸ਼ਿਮਲੇ ਰੇਡੀਓ ਰਿਕਾਰਡਿੰਗਜ਼ ਬਿਲਕੁਲ ਬੰਦ ਹੁੰਦੀਆਂ ਸਨ ਇਨ੍ਹਾਂ ਦਿਨਾਂ ‘ਚ। ਪੁਰਾਣੀਆਂ ਰਿਕਾਰਡਿੰਗਾਂ ਹੀ ਚਲਾਈ ਦੀਆਂ ਸਨ। ਇੱਕ ਤਾਂ ਮੌਸਮ ਦਾ ਭਰੋਸਾ ਨਹੀਂ ਸੀ ਹੁੰਦਾ, ਕੀ ਪਤਾ ਕਦੋਂ ਬਰਫ਼ ਪੈ ਜਾਵੇ ਅਤੇ ਰਸਤੇ ਰੁਕ ਜਾਣ। ਕਲਾਕਾਰ ਵਿਚਾਰਾ ਆ ਜਾਵੇ ਅਤੇ ਵਾਪਿਸ ਜਾਣ ਜੋਗਾ ਨਾ ਰਹੇ। ਦੂਜੇ ਫ਼ੰਡਜ਼ ਵੀ ਹੁਣ ਤਕ ਲਗਭਗ ਖ਼ਤਮ ਹੋ ਗਏ ਹੁੰਦੇ ਸਨ ਇਹਨੀਂ ਦਿਨੀਂ। ਦਫ਼ਤਰ ਜਾਕੇ ਧੁੱਪ ਸੇਕਣ ਦਾ ਕੰਮ ਹੁੰਦਾ ਸੀ ਅਤੇ ਜਾਂ ਚਾਹ ਪੀਣ ਦਾ ਤੇ ਗੱਲਾਂ ਮਾਰਨ ਦਾ। ਪਰ ਮੈਂ ਲਿਖਦੀ ਪੜ੍ਹਦੀ ਰਹਿੰਦੀ।
ਮੈਂ ਜਦੋਂ ਹਿਮਾਚਲ ਆਈ ਤਾਂ ਹਿੰਦੀ ਸਾਹਿਤ ਪੜ੍ਹ ਤਾਂ ਬਹੁਤ ਚੁੱਕੀ ਸੀ ਪਰ ਹਿੰਦੀ ‘ਚ ਘੱਟ ਹੀ ਲਿਖਿਆ ਸੀ ਓਦੋਂ ਤਕ। ਕਦੇ ਕਦੇ ਕੋਈ ਛੋਟੀ ਜਿਹੀ ਕਵਿਤਾ ਬੱਸ। ਜਲੰਧਰ ਰੇਡੀਓ ਵਿੱਚ ਸਾਂ ਤਾਂ ਕੇਂਦਰ ਨੇ ਇੱਕ ਹਿੰਦੀ ਪਤ੍ਰਿਕਾ ਸ਼ੁਰੂ ਕੀਤੀ। ਸਾਰਿਆਂ ਨੂੰ ਕੁਝ ਲਿਖਣ ਲਈ ਕਿਹਾ ਗਿਆ ਪਤ੍ਰਿਕਾ ਲਈ। ਮੈਨੂੰ ਵੀ ਕਿਹਾ ਗਿਆ। ਮੈਂ ਕਵਿਤਾ ਲਿਖੀ:
ਦੀਵਾਰੇਂ ਫ਼ਾਂਦਨਾ ਅੱਛਾ ਲਗਤਾ ਹੈ ਤੁਮ੍ਹੇਂ,
ਮਗਰ ਮੈਂ ਤੁਮ੍ਹੇਂ ਪਾ ਕਰ ਦੀਵਾਰੋਂ ਮੇਂ
ਕਥੈਦ ਹੋ ਗਈ।
ਪਗਡੰਡੀਆਂ ਪਸੰਦ ਹੈਂ ਤੁਮ੍ਹੇਂ,
ਔਰ ਮੈਂ ਚਾਹਤੀ ਹੂੰ ਤੁਮ੍ਹੇਂ ਜ਼ੋਖ਼ਿਮ
ਭਰੇ ਰਾਸਤੋਂ ਸੇ ਬਚਾਨਾ,
ਬੱਸ ਇਤਨਾ ਸਾ ਹੀ ਫ਼ਰਕ ਹੈ,
ਹਮ ਦੋਨੋਂ ਮੇਂ।
ਕਵਿਤਾ ਛੱਪ ਗਈ। ਕੇਂਦਰ ਡਾਇਰੈਕਟਰ ਸਾਹਿਬ ਨੇ ਬੁਲਾਇਆ। ਰਾਜਿੰਦਰ ਪ੍ਰਸ਼ਾਦ ਸਨ ਹਿੰਦੀ ਪੱਟੀ ਗੋਰਖਪੁਰ ਤੋਂ, ”ਸਾਰਾ ਹਿੰਦੀ ਸਾਹਿਤ ਏਕ ਤਰਫ਼, ਤੁਮਹਾਰੀ ਕਵਿਤਾ ਏਕ ਤਰਫ਼।” ਮੈਂ ਬੇਵਕੂਫ਼ਾਂ ਦੀ ਤਰ੍ਹਾਂ ਉਨ੍ਹਾਂ ਵੱਲ ਦੇਖ ਰਹੀ ਹਾਂ। ਅਜਿਹਾ ਕੀ ਲਿਖ ਦਿੱਤਾ ਹੈ ਮੈਂ? ਵਿਆਹ ਨੂੰ ਸੱਤ ਅੱਠ ਸਾਲ ਹੋ ਗਏ ਸਨ। ਲੱਗਦਾ ਸੀ ਆਜ਼ਾਦੀ ਗਈ ਮੇਰੀ। ਥੋੜ੍ਹੀ ਘੁਟਣ ਮਹਿਸੂਸ ਹੋਣ ਲੱਗੀ ਸੀ। ਗ੍ਰਿਹਸਥੀ, ਦਫ਼ਤਰ, ਵੈਸੇ ਸਭ ਠੀਕ ਸੀ। ਪਤੀ ਦਾ ਸਹਿਯੋਗ ਵੀ ਸੀ। ਮੈਂ ਨਾਲ ਨਾਲ ਪ੍ਰਾਈਵੇਟ ਤੌਰ ‘ਤੇ PhD ਵੀ ਕਰ ਰਹੀ ਸੀ। ਥੱਕ ਜਾਂਦੀ ਸੀ।
ਕੇਂਦਰ ਡਾਇਰੈਕਟਰ ਹੱਸ ਪਏ ਅਤੇ ਬੋਲੇ, ”ਕੀ ਹੋਇਆ? ਵਿਸ਼ਵਾਸ ਨਹੀਂ ਹੋ ਰਿਹਾ। ਬਹੁਤ ਅੱਛੀ ਕਵਿਤਾ ਹੈ। ਕਦੋਂ ਤੋਂ ਲਿਖ ਰਹੀ ਹੈਂ? ”ਮੈਂ ਆਖਿਆ, ”ਸਰ, ਹਿੰਦੀ ‘ਚ ਪਹਿਲੀ ਵਾਰ ਲਿਖਿਆ ਏ।” ਹੁਣ ਉਨਾਂ ਦੇ ਚੇਹਰੇ ‘ਤੇ ਅਵਿਸ਼ਵਾਸ ਸੀ। ਫ਼ਿਰ ਬੋਲੇ, ”ਪੰਜਾਬੀ ਮੇਂ ਪਹਿਲੇ ਸੇ ਲਿਖ ਰਹੇ ਹੋ?”
”ਬਾਰਾਂ-ਤੇਰ੍ਹਾਂ ਸਾਲ ਦੀ ਸੀ, ਓਦੋਂ ਤੋਂ ਲਿਖ ਰਹੀ ਆਂ ਸਰ।”
”ਕੀ ਕਹਾਣੀ ਵੀ, ਕਵਿਤਾ ਵੀ ਲਿਖਾ ਕਰੋ, ਹਿੰਦੀ ਮੇਂ ਭੀ, ਜ਼ਿਆਦਾ ਲੋਗ ਪੜ੍ਹ ਪਾਏਂਗੇ।” ਮੈਂ ਉਨ੍ਹਾਂ ਦੇ ਕਮਰੇ ਵਿੱਚੋਂ ਭਿੱਜੀਆਂ ਅੱਖਾਂ ਨਾਲ ਬਾਹਰ ਆਈ। ਉਸ ਤੋਂ ਬਾਅਦ ਹਿੰਦੀ ‘ਚ ਵੀ ਲਿਖਣਾ ਸ਼ੁਰੂ ਕਰ ਦਿੱਤਾ।
ਗੱਲ ਤਾਂ ਸ਼ਿਮਲਾ ਰੇਡੀਓ ਦੀ ਹੋ ਰਹੀ ਸੀ। ਇੱਕ ਪਰਿਵਾਰਕ ਲੜੀਵਾਰ ਪ੍ਰਸਾਰਿਤ ਹੁੰਦਾ ਸੀ ਇੱਥੋਂ ਹਰ ਵੀਰਵਾਰ ਅਤੇ ਨਾਂ ਸੀ ਆਸ ਪੜੋਸ। ਮੈਨੂੰ ਇੱਕ ਦਿਨ ਉਸ ਦੇ ਪ੍ਰੋਡਿਊਸਰ ਕਹਿੰਦੇ, ‘ਚੱਲ ਇੱਕ ਰੋਲ ਕਰਵਾਉਣਾ ਹੈ ਤੇਰੇ ਕੋਲੋਂ।” ਇੱਕ ਚਾਚੀ ਦਾ ਰੋਲ ਸੀ। ਬੱਸ ਫ਼ੇਰ ਰਿਟਾਇਰਮੈਂਟ ਤਕ ਮੈਂ ਆਸ ਪੜੋਸ’ ਦੀ ਚਾਚੀ ਸੀ। ਪੂਰੇ ਹਿਮਾਚਲ ਤੋਂ ਚਿੱਠੀਆਂ ਆਉਂਦੀਆਂ ਸਨ। ਯਹ ਕੌਨ ਹੈਂ? ਊਨਾ ਸੇ ਹੈਂ? ਨਹੀਂ ਨਹੀਂ, ਕੋਟਖਾਈ ਸੇ ਹੋਂਗੀਂ ਚਾਚੀ।”
ਇੱਕ ਵਾਰ ਪ੍ਰੋਗਰਾਮ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦਾ ਸੰਚਾਲਨ ਕਰ ਰਹੀ ਸੀ। ਅਗਨੀਹੋਤਰੀ ਜੀ ਊਨਾ ਤੋਂ ਆਏ ਹੋਏ ਸਨ, ਪ੍ਰੋਗਰਾਮਾਂ ਦੀ ਸਮੀਖਿਆ ਕਰਦੇ ਕਹਿੰਦੇ, ”ਮੈਂ ਬੇਟੇ (ਮੁਕੇਸ਼ ਅਗਨੀਹੋਤਰੀ, ਉਪ ਮੁੱਖ ਮੰਤਰੀ) ਕੋਲ ਆ ਗਿਆ ਸੀ ਦੋ ਦਿਨ ਪਹਿਲਾਂ। ਕੱਲ੍ਹ ਸਵੇਰੇ ਆਸ ਪੜੋਸ ਸੁਣਿਆ ਤੁਹਾਡਾ। ਅਜਿਹੇ ਪ੍ਰੋਗਰਾਮ ਪ੍ਰਸਾਰਿਤ ਹੋਣੇ ਚਾਹੀਦੇ ਹਨ ਰੇਡੀਓ ਤੋਂ। ਚਾਚੀ ਨੇ ਕਿੰਨੀ ਅੱਛੀ ਤਰ੍ਹਾਂ ਸੰਸਕਾਰਾਂ ਦੀ ਗੱਲ ਕੀਤੀ। ਪੁਰਾਣੀ ਪੀੜ੍ਹੀ ਤੇ ਹੁਣ ਦੀ ਪੀੜ੍ਹੀ ਦਾ ਫ਼ਰਕ ਸਮਝਾਇਆ।” ਇਹ ਸੁਣ ਮੈਂ ਹੱਸ ਪਈ। ਮੀਟਿੰਗ ‘ਚ ਬੈਠੇ ਕਿਸੇ ਕੁਲੀਗ ਨੇ ਕਿਹਾ, ”ਤੁਹਾਡੇ ਨਾਲ ਹੀ ਬੈਠੇ ਹਨ ਚਾਚੀ ਜੀ।”
ਅਗਨੀਹੋਤਰੀ ਸਾਹਿਬ ਮੰਨਣ ਨੂੰ ਤਿਆਰ ਨਹੀਂ ਸਨ।” ਉਹ ਤਾਂ ਕੋਈ ਅਣਪੜ੍ਹ ਬੀਬੀ ਸੀ, ਇਹ ਤਾਂ ਡਾਕਟਰ ਦੇਵਿੰਦਰ ਮਹਿੰਦਰੂ ਨੇ।” ਮੈਨੂੰ ਦੱਸਣਾ ਪਿਆ ਕਿ ਮੈਂ ਹੀ ਕਰਦੀ ਹਾਂ ਉਹ ਰੋਲ ਸਰ। ਤੁਲਸੀ ਰਮਨ ਕਾਲਮ ਲਿਖਦੇ ਸਨ ਸ਼ਿਮਲਾ ਰੇਡੀਓ ਅਤੇ ਦੂਰਦਰਸ਼ਨ ‘ਤੇ ਉਨ੍ਹੀਂ ਦਿਨੀਂ। ਉਨ੍ਹਾਂ ਨੂੰ ਵੀ ਮੇਰਾ ਰੋਲ ਬਹੁਤ ਪਸੰਦ ਸੀ। ਕੀ TV ਅਤੇ ਕੀ ਰੇਡੀਓ, ਪ੍ਰੋਗਰਾਮਾਂ ਦੀਆਂ ਧੱਜੀਆਂ ਉਡਾ ਦਿੰਦੇ ਸਨ ਰਮਨ ਜੀ। ਪਰ ਆਸ ਪੜੋਸ ਦੀ ਗੱਲ ਕਰਦਿਆਂ ਹੀ ਕਲਮ ਸ਼ਹਿਦ ‘ਚ ਡੁੱਬ ਜਾਂਦੀ। ਮੈਂ ਜਲੰਧਰ ਰਹਿੰਦਿਆਂ ਅਵਤਾਰ ਜੌੜਾ ਤੋਂ ਸਿਰਜਣਾ ਪ੍ਰੋਗਰਾਮ ਲਈ ਬਹੁਤ ਨਕਾਰਾਤਮਕ ਟਿੱਪਣੀਆਂ ਸੁਣ ਚੁੱਕੀ ਸੀ, ਰਮਨ ਜੀ ਦਾ ਤਾਰੀਫ਼ ਕਰਨਾ ਅੱਛਾ ਲੱਗਦਾ ਸੀ। ਤੁਲਸੀ ਰਮਨ ਰਿਕਾਰਡਿੰਗ ਲਈ ਆਉਂਦੇ। ਮੈਂ ਕੁਝ ਨਾ ਕੁਝ ਲਿਖ ਰਹੀ ਹੁੰਦੀ, ਉਹ ਮੈਨੂੰ ਹਿੰਦੀ ਭਾਸ਼ਾ ਦੀਆਂ ਬਾਰੀਕੀਆਂ ਸਮਝਾਉਂਦੇ। ਇੱਕ ਦਿਨ ਮੇਰੀਆਂ ਕਵਿਤਾਵਾਂ ਦੀ ਫ਼ਾਈਲ ਘਰ ਲੈ ਗਏ। ਸੁਧਾਰੀਆਂ ਕਵਿਤਾਵਾਂ। ਗੇਅਟੀ ‘ਚ 2012 ਦਾ ਕਵੀ ਸੰਮੇਲਨ ਅਸੀਂ ਦੋਵਾਂ ਨੇ ਕਰਵਾਇਆ। ਇਹ ਇੱਕ ਵੱਡੀ ਉਪਲਬਧੀ ਸੀ। ਪਹਾੜ ਦੇ ਕਵੀ, ਚਾਹੇ ਉਹ ਹਿਮਾਚਲ ‘ਚ ਰਹਿ ਰਹੇ ਸਨ, ਚਾਹੇ ਉਤਰਾਖੰਡ, ਭਾਵੇਂ ਦਿੱਲੀ ਯਾ ਕਿਤੇ ਹੋਰ, ਬੁਲਾਏ ਗਏ ਸਭ। ਲੀਲਾਧਰ ਮੰਡਲੋਈ ਜੀ ਡਾਇਰੈਕਟਰ ਜਨਰਲ ਦਿੱਲੀ ਤੋਂ ਆਏ ਸਨ। ਦੂਸਰਾ ਦਿਨ ਹਿੰਦੀ ਕਹਾਣੀ ‘ਤੇ ਸੀ। ਤੁਲਸੀ ਰਮਨ ਨਾਂਹ ਕਰ ਗਏ ਸੰਚਾਲਨ ਲਈ। ਮੈਨੂੰ ਮਜਬੂਰੀ ‘ਚ ਗੇਅਟੀ ਦੀ ਸਟੇਜ ‘ਤੇ ਖੜ੍ਹੇ ਹੋਕੇ ਇਸ ਸੈਸ਼ਨ ਦਾ ਸੰਚਾਲਨ ਕਰਨਾ ਪਿਆ। ਸ਼ਿਮਲਾ ਦਾ ਇਤਿਹਾਸਕ ਗੇਅਟੀ ਥੀਏਟਰ ਅਤੇ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਈ ਹੋਈ, ਹਿੰਦੀ ਭਾਸ਼ਾ ‘ਚ ਸੰਚਾਲਨ ਕਰਦੀ ਹੋਈ, ਤੁਲਸੀ ਰਮਨ ਨੂੰ ਗਾਲ੍ਹਾਂ ਵੀ ਕੱਢਦੀ ਹੋਈ ਤੇ ਦੁਆਵਾਂ ਵੀ ਦਿੰਦੀ ਹੋਈ।
ਅੱਜ ਸਵੇਰੇ ਸਵੇਰੇ ਪ੍ਰੇਮ ਵਿੱਜ ਜੀ ਦਾ ਫ਼ੋਨ ਆਇਆ ਚੰਡੀਗੜ੍ਹ ਤੋਂ, ”ਤੁਹਾਨੂੰ ਹਿਮਾਚਲ ਦਾ ਵਰਿਸ਼ਠ ਨਾਗਰਿਕ ਕਾਵਿ ਗੋਸ਼ਟੀ ਦਾ ਪ੍ਰੈਜ਼ੀਡੈਂਟ ਕਿਉਂ ਬਣਾਇਆ ਨਰੇਸ਼ ਨਾਜ਼ ਨੇ? ਪੰਜਾਬੀ ਦਾ ਬਣਾਉਣਾ ਸੀ? ”ਮੈਂ ਕਿਹਾ, ”ਵਿੱਜ ਸਾਹਿਬ ਮੈਂ ਤੀਹ ਸਾਲ ਤੋਂ ਹਿਮਾਚਲ ਪ੍ਰਦੇਸ਼ ‘ਚ ਰਹਿ ਰਹੀ ਹਾਂ ਤੇ ਹਿੰਦੀ ‘ਚ ਲਿਖ ਪੜ੍ਹ ਰਹੀ ਹਾਂ।” ਸੋ ਹੁਣ ਗਰੁੱਪ ਬਣਾ ਰਹੀ ਹਾਂ ਕਵੀਆਂ ਦਾ। ਤੁਲਸੀ ਰਮਨ ਜੀ ਨੂੰ ਮੈਂਬਰ ਬਣਨ ਲਈ ਕਿਹਾ, ਉਨ੍ਹਾਂ ਸਹਿਮਤੀ ਦੇ ਦਿੱਤੀ। ਸ਼ੁਕਰੀਆ ਗੁਰੂ ਜੀ। ਅੱਜ ਵੀ ਗੇਅਟੀ ਦੀ ਉਹ ਸ਼ਾਮ ਯਾਦ ਹੈ, ਤਾਲੀਆਂ ਦੀ ਗੜਗੜਾਹਟ ਅਤੇ ਸ੍ਰੀਨਿਵਾਸ ਜੋਸ਼ੀ ਜੀ ਦਾ ਖੜ੍ਹੇ ਹੋ ਕੇ ਇਹ ਕਹਿਣਾ ਯਾਦ ਹੈ ”, ਤੁਹਾਡੇ ਇਸ ਟੇਲੈਂਟ ਦਾ ਤਾਂ ਪਤਾ ਹੀ ਨਹੀਂ ਸੀ।”
ਦਸ ਸਾਲ ਹੋ ਗਏ ਰਿਟਾਇਰ ਹੋਈ ਨੂੰ। ਲੱਗਦਾ ਹੀ ਨਹੀਂ। ਅੱਜਕਲ੍ਹ ਵਨਕਾਮ ਸੰਸਥਾ ਦੀ ਹਿਮਾਚਲ ਇਕਾਈ ਦੀ ਪ੍ਰੈਜ਼ੀਡੈਂਟ ਹਾਂ। ਕਵੀ ਗੋਸ਼ਟੀ ਕਰਵਾਉਣੀ, ਕਵਿਤਾ ਲਿਖਣੀ, ਸੁਨਣੀ, ਜ਼ਿਆਦਾ ਵਕਤ ਇਸੇ ਤਰ੍ਹਾਂ ਨਿੱਕਲਦਾ ਹੈ। ਸੋ ਬੀਤੇ ਦਿਨਾਂ ਦੀ ਡਾਇਰੀ ਦੇ ਵਰਕੇ ਫ਼ੋਲਦਿਆਂ ਬੜਾ ਕੁਝ ਪੁਰਾਣਾ ਪੜ੍ਹ ਰਹੀ ਹਾਂ।