ਪਠਾਨ ਨੇ ਚਾਰ ਦਿਨਾਂ ‘ਚ ਕਮਾਏ ਚਾਰ ਸੌ ਕਰੋੜ ਤੋਂ ਵੱਧ

ਸੁਪਰਸਟਾਰ ਸ਼ਾਰੁਖ਼ ਖ਼ਾਨ ਦੀ ਫ਼ਿਲਮ ਪਠਾਨ ਨੇ ਬੌਕਸ ਆਫ਼ਿਸ ‘ਤੇ ਲਗਾਤਾਰ ਰਿਕਾਰਡ ਤੋੜਦਿਆਂ ਚੌਥੇ ਦਿਨ ਤਕ 429 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ। ਇਹ ਜਾਣਕਾਰੀ ਯਸ਼ ਰਾਜ ਫ਼ਿਲਮਜ਼ (RYF) ਨੇ ਸਾਂਝੀ ਕੀਤੀ। ਪਠਾਨ ਲੰਘੇ ਬੁੱਧਵਾਰ ਨੂੰ ਤਾਮਿਲ ਅਤੇ ਤੇਲਗੂ ‘ਚ ਵੀ ਰਿਲੀਜ਼ ਹੋਈ ਸੀ। ਫ਼ਿਲਮ ਨੇ ਚੌਥੇ ਦਿਨ ਵੀ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਕੰਪਨੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫ਼ਿਲਮ ਨੇ 52 ਕਰੋੜ ਰੁਪਏ ਕਮਾਈ ਕਰ ਚੁੱਕੀ ਹੈ ਜਿਸ ਨਾਲ ਫ਼ਿਲਮ ਦੀ ਕੁੱਲ ਕਮਾਈ 116 ਕਰੋੜ ਰੁਪਏ ਹੋ ਗਈ ਸੀ। ਚਾਰ ਸਾਲਾਂ ਬਾਅਦ ਸ਼ਾਰੁਖ਼ ਖ਼ਾਨ ਦੀ ਸਭ ਤੋਂ ਵੱਡੀ ਫ਼ਿਲਮ ਪਠਾਨ ਰਿਲੀਜ਼ ਹੋਈ ਹੈ ਜਿਸ ਨੇ ਆਪਣੇ ਪਹਿਲੇ ਦਿਨ ਹੀ 106 ਕਰੋੜ, ਦੂਜੇ ਦਿਨ 113.6 ਕਰੋੜ ਅਤੇ ਤੀਜੇ ਦਿਨ 90 ਕਰੋੜ ਦੀ ਕਮਾਈ ਕੀਤੀ ਹੈ।
ਅਨੁਰਾਗ ਦੀ ਫ਼ਿਲਮ ‘ਚ DJ ਬਣੇਗਾ ਵਿਕੀ ਕੌਸ਼ਲ
ਫ਼ਿਲਮ ਅਦਾਕਾਰ ਵਿਕੀ ਕੌਸ਼ਲ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫ਼ਿਲਮ ਆਲਮੋਸਟ ਪਿਆਰ ਵਿੱਦ DJ ਮੁਹੱਬਤ ਵਿੱਚ ਇੱਕ ਖ਼ਾਸ ਭੂਮਿਕਾ ‘ਚ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਅਲਾਇਆ ਐੱਫ਼ ਅਤੇ ਕਰਨ ਮਹਿਤਾ ਮੁੱਖ ਕਿਰਦਾਰ ਵਿੱਚ ਹਨ। ਵਿਕੀ ਨੇ ਫ਼ਿਲਮ ‘ਚ ਨਿਭਾਏ ਆਪਣੇ ਕਿਰਦਾਰ ਬਾਰੇ ਇਨਸਟਾਗ੍ਰੈਮ ‘ਤੇ ਇੱਕ ਪੋਸਟ ਸਾਂਝੀ ਕੀਤੀ। ਉਸ ਨੇ ਲਿਖਿਆ, ”ਸਿਨੇਮਾ ਜਗਤ ‘ਚ ਅਨੁਰਾਗ ਸਰ ਮੇਰੇ ਸਲਾਹਕਾਰ ਅਤੇ ਇੱਕ ਚੰਗੇ ਦੋਸਤ ਹਨ। ਜਦੋਂ ਉਨ੍ਹਾਂ ਨੇ ਇਸ ਰੋਲ ਬਾਰੇ ਦੱਸਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ ਸੀ ਅਤੇ ਮੇਰੇ ਖ਼ਾਸ ਦੋਸਤ ਨੇ ਇਹ ਖ਼ਾਸ ਰੋਲ, ਇੱਕ ਖ਼ਾਸ ਫ਼ਿਲਮ ਲਈ ਬਣਾਇਆ ਹੈ।”ਉਸ ਨੇ ਪੋਸਟ ‘ਚ ਅੱਗੇ ਲਿਖਿਆ, ”ਮੇਰੀ ਮੁਹੱਬਤ ਉਸ ਇਨਸਾਨ ਲਈ ਜਿਸ ਨੇ ਫ਼ਿਲਮਾਂ ‘ਚ ਮੇਰੇ ਲਈ ਪਹਿਲਾ ਦਰਵਾਜ਼ਾ ਖੋਲ੍ਹਿਆ … ਮਨਮਰਜ਼ੀਆਂ ਦਾ DJ ਸੈਂਡਜ਼ ਹੁਣ ਵੱਡਾ ਹੋ ਕੇ DJ ਮੁਹੱਬਤ ਬਣ ਗਿਆ ਹੈ … ਆਈ ਐਮ ਡੀਜੇ ਮੁਹੱਬਤ। ਫ਼ਿਲਮ ਆਲਮੋਸਟ ਪਿਆਰ ਵਿੱਦ DJ ਮੁਹੱਬਤ ਤਿੰਨ ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।