ਇੱਕ ਸਫ਼ਲ ਫ਼ਿਲਮ ਦੇ ਪਿੱਛੇ ਫ਼ਿਲਮ ਦੇ ਨਿਰਦੇਸ਼ਕ ਦਾ ਵੱਡਾ ਯੋਗਦਾਨ ਹੁੰਦਾ ਹੈ ਜੋ ਆਪਣੇ ਦਿਮਾਗ਼ ‘ਚ ਛਪੀ ਤਸਵੀਰ ਨੂੰ ਇੱਕ ਸਹੀ ਪਰਿਭਾਸ਼ਾ ਦਿੰਦਿਆਂ ਦਰਸ਼ਕਾਂ ਦੇ ਰੂ-ਬ-ਰੂ ਕਰਦਾ ਹੈ। ਅਜਿਹੀ ਹੀ ਸ਼ਖ਼ਸੀਅਤ ਵਿਜੇ ਕੁਮਾਰ ਅਰੋੜਾ ਉਰਫ਼ ਦਾਦੂ ਜੀ ਦੀ ਹੈ ਜਿਨ੍ਹਾਂ ਨੇ ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦਾ ਦਿਲ ਮੋਹਿਐ, ਅਤੇ ੳਨ੍ਹਾਂ ‘ਚੋਂ ਇੱਕ ਹੋਰ ਫ਼ਿਲਮ ਹੈ ਕਲੀ ਜੋਟਾ ਜੋ ਸਿਨੇਮਾਘਰਾਂ ‘ਚ 3 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ।
ਦਾਦੂ ਜੀ ਇੱਕ ਅਜਿਹੇ ਨਿਰਦੇਸ਼ਕ ਹਨ ਜੋ ਆਪਣੇ ਕੰਮ ਦੇ ਮਾਮਲੇ ‘ਚ ਇੰਨੇ ਅਟੱਲ ਹਨ ਕਿ ਉਹ ਕਿਰਦਾਰ ਅਤੇ ਕਹਾਣੀ ਦੀ ਹਰ ਬਾਰੀਕੀ ਨੂੰ ਇੱਕ ਨਵੀਂ ਪਛਾਣ ਦਿੰਦੇ ਹਨ ਜੋ ਦਰਸ਼ਕਾਂ ਨੂੰ ਛੂਹ ਜਾਂਦੀ ਹੈ। ਉਨ੍ਹਾਂ ਦੀ 2018 ਦੀ ਫ਼ਿਲਮ ਹਰਜੀਤਾ ਤੋਂ ਅਸੀਂ ਸਾਰੇ ਵਾਕਿਫ਼ ਹਾਂ ਜਿਸ ਨੇ ਨੈਸ਼ਨਲ ਐਵਾਰਡ ਵੀ ਹਾਸਿਲ ਕੀਤਾ ਸੀ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੰਜਾਬੀ ਇੰਡਸਟਰੀ ਦੀ ਇੱਕ ਵੱਖਰੀ ਪੇਸ਼ਕਸ਼ ਹੈ ਜਿਸ ‘ਚ ਔਰਤਾਂ ਪ੍ਰਤੀ ਮਰਦਾਂ ਦਾ ਗ਼ਲਤ ਵਿਹਾਰ ਅਤੇ ਉਨ੍ਹਾਂ ਦੀ ਬੁਰੀ ਧਾਰਣਾ ਨੂੰ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ‘ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ‘ਚ ਹਨ ਜਿਨ੍ਹਾਂ ਦੀ ਫ਼ਿਲਮ ‘ਚ ਕੀਤੀ ਮਿਹਨਤ ਨੂੰ ਅਸੀਂ ਟਰੇਲਰ ‘ਚ ਦੇਖ ਚੁੱਕੇ ਹਾਂ। ਫ਼ਿਲਮ ਨੂੰ ਸਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਵਿਜੇ ਕੁਮਾਰ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMS ਅਤੇ VH ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਹੈ।
ਫ਼ਿਲਮ ਦੀ ਕਹਾਣੀ ਦੀ ਗੱਲ ਕਰਦਿਆਂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦਾ ਕਹਿਣਾ ਹੈ, ”ਫ਼ਿਲਮ ਦੀ ਕਹਾਣੀ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਸਭ ਤੋਂ ਵੱਡੀ ਮਾਣ ਵਾਲੀ ਗੱਲ ਇਸ ਫ਼ਿਲਮ ਦੇ ਪਿੱਛੇ ਇਸ ਦੀ ਲੇਖਿਕਾ ਹਰਿੰਦਰ ਕੌਰ ਹੈ ਜਿਸ ਨੇ ਸਦੀਆਂ ਤੋਂ ਚੱਲੇ ਆ ਰਹੇ ਔਰਤਾਂ ਖ਼ਿਲਾਫ਼ ਸਮਾਜਿਕ ਮਸਲਿਆਂ ਨੂੰ ਫ਼ਿਲਮ ਕਲੀ ਜੋਟਾ ਜ਼ਰੀਏ ਪੇਸ਼ ਕੀਤਾ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਜੋ ਮੈਂ ਇਸ ਫ਼ਿਲਮ ਦਾ ਹਿੱਸਾ ਹਾਂ ਅਤੇ ਫ਼ਿਲਮ ਦੀ ਇੰਨੀ ਮਿਹਨਤੀ ਸਟਾਰ ਕਾਸਟ ਨਾਲ ਕੰਮ ਕਰ ਰਿਹਾ ਹਾਂ।”