ਪ੍ਰਾਚੀਨ ਮਿਸਰ ਦੇ ਵਾਸੀਆਂ ਦਾ ਯਕੀਨ ਸੀ ਕਿ ਇੱਕ ਪੌੜੀ ਅਤੇ ਜਿਸ ਦੀਵਾਰ ਦੇ ਸਹਾਰੇ ਉਸ ਨੂੰ ਖੜ੍ਹਾ ਕੀਤਾ ਜਾਂਦਾ ਹੈ, ਉਨ੍ਹਾਂ ਵਿਚਲੇ ਖੱਪੇ ‘ਚ ਚੰਗੀਆਂ ਅਤੇ ਭੈੜੀਆਂ ਰੂਹਾਂ ਦਾ ਵਾਸਾ ਹੁੰਦੈ। ਉਨ੍ਹਾਂ ਦਾ ਘਰ ਹੁੰਦਾ ਉਨ੍ਹਾਂ ਦੇ ਦਰਮਿਆਨ ਦਾ ਫ਼ਾਸਲਾ। ਜੇਕਰ ਉਹ ਰੂਹਾਂ ਬੇਆਰਾਮ ਮਹਿਸੂਸ ਕਰਨ ਤਾਂ ਉਹ ਗੁੱਸੇ ‘ਚ ਆ ਸਕਦੀਆਂ ਹਨ, ਅਤੇ ਆਪਣੀ ਇਸੇ ਸੋਚ ਕਾਰਨ ਮਿਸਰ ਦੇ ਲੋਕ ਦੂਸਰਿਆਂ ਨੂੰ ਕਿਸੇ ਪੌੜੀ ਹੇਠੋਂ ਲੰਘਣ ਤੋਂ ਵਰਜਦੇ ਸਨ। ਤੁਸੀਂ, ਪਰ, ਜਿੰਨੀਆਂ ਤੁਹਾਡਾ ਚਿੱਤ ਕਰਦੈ, ਓਨੀਆਂ ਪੌੜੀਆਂ ਹੇਠੋਂ ਲੰਘ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਆਪਣੇ ਨਾਲ ਸ਼ੀਸ਼ੇ ਤਕ ਇੱਕ ਵੱਡਾ ਹਥੌੜਾ ਵੀ ਲਿਜਾ ਸਕਦੇ ਹੋ। ਆਪਣੇ ਨਵੇਂ ਬੂਟਾਂ ਨੂੰ ਵੀ ਕਿਸੇ ਮੇਜ਼ ਉੱਪਰ ਰੱਖ ਸਕਦੇ ਹੋ। ਆਸਮਾਨ ਇਸ ਵਕਤ ਤੁਹਾਡੇ ਆਲੇ-ਦੁਆਲੇ ਰੱਖਿਆ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਕਵਚ ਬਣਾ ਰਿਹੈ ਕਿ ਕੋਈ ਵੀ ਸ਼ੈਅ ਉਸ ਦੇ ਆਰਪਾਰ ਨਹੀਂ ਜਾ ਸਕਦੀ। ਪਰ ਨਿਰਸੰਦੇਹ, ਜੇ ਤੁਸੀਂ ਨਾਕਾਰਾਤਮਕ ਰਵੱਈਆ ਪਾਲੋਗੇ ਤਾਂ ਫ਼ਿਰ ਤੁਸੀਂ ਛੇਤੀ ਹੀ ਆਪਣੀਆਂ ਪ੍ਰਾਪਤੀਆਂ ਦੀ ਸਾਰੀ ਤਾਕਤ ਜ਼ਾਇਆ ਕਰ ਬੈਠੋਗੇ। ਪਸੰਦ ਦੀ ਤਾਕਤ ਸਭ ਤੋਂ ਅਹਿਮ ਹੁੰਦੀ ਹੈ। ਪਰ ਜੇਕਰ ਤੁਹਾਨੂੰ ਆਪਣੀ ਪ੍ਰੇਮ ਕਹਾਣੀ ‘ਚ ਜ਼ਿਆਦਾ ਔਖਾ ਵਕਤ ਨਹੀਂ ਚਾਹੀਦਾ, ਤੁਹਾਡਾ ਅਗਾੜੀ ਰਾਹ ਛੇਤੀ ਹੀ ਸੌਖਾ ਹੋਣ ਵਾਲਾ ਹੈ।

ਇਸ ਨੂੰ ਪੜ੍ਹਨਾ ਬੰਦ ਕਰ ਦਿਓ ਕਿਉਂਕਿ ਇਸ ‘ਚ ਕੋਈ ਅਜਿਹੀ ਗੱਲ ਨਹੀਂ ਜਿਸ ‘ਚ ਤੁਹਾਡੀ ਦਿਲਚਸਪੀ ਹੋਵੇਗੀ। ਛੇਤੀ ਆਓ ਮੇਰੇ ਨਾਲ। ਇੱਕ ਵੀ ਲਫ਼ਜ਼ ਹੋਰ ਨਾ ਬੋਲੋ। ਸੱਚ ਕਹਿ ਰਿਹਾਂ ਮੈਂ ਤੁਹਾਨੂੰ … ਕਿੰਨੀ ਵਾਰ ਮੈਨੂੰ ਇਹ ਸਮਝਾਉਣਾ ਪਵੇਗਾ ਤੁਹਾਨੂੰ? ਤੁਸੀਂ ਬਹੁਤ ਸ਼ਰਾਰਤੀ ਬਣਦੇ ਜਾ ਰਹੇ ਹੋ, ਕਿ ਨਹੀਂ? ਮੈਂ ਤਾਂ ਇਹ ਭੁੱਲ ਹੀ ਗਿਆ ਸੀ ਕਿ ਕਦੇ-ਕਦੇ ਤੁਸੀਂ ਕਿੰਨੀ ਬਹਿਸਬਾਜ਼ੀ ਕਰਨ ਵਾਲਾ ਇੱਕ ਕਿਰਦਾਰ ਬਣ ਸਕਦੇ ਹੋ। ਬੇਮੁੱਖ ਅਤੇ ਆਪਹੁਦਰੇ ਵੀ, ਮੈਂ ਨੋਟਿਸ ਕੀਤੈ। ਤੁਸੀਂ ਆਪਣੇ ਆਪ ਨੂੰ ਸਮਝਦੇ ਕੀ ਹੋ? ਖ਼ੈਰ, ਦਰਅਸਲ, ਮੈਂ ਜਾਣਬੁਝ ਕੇ ਤੁਹਾਨੂੰ ਇਸ ਵਿੱਚ ਫ਼ਸਾਇਐ। ਪਰ ਬਿਲਕੁਲ ਇੰਝ ਹੀ ਕੋਈ ਹੋਰ ਵੀ, ਜਿਸ ਨੂੰ ਬਹਿਸ ਕਰਨੀ ਬੇਹੱਦ ਪਸੰਦ ਹੈ, ਇਸ ਵਕਤ ਤੁਹਾਨੂੰ ਫ਼ਸਾਉਣ ਦੀ ਕੋਸ਼ਿਸ਼ ‘ਚ ਹੈ। ਬੱਸ ਇੰਨਾ ਚੇਤੇ ਰੱਖਿਓ, ਤੁਹਾਨੂੰ ਉਕਸਾਇਆ ਅਤੇ ਗੁੱਸਾ ਤਾਂ ਹੀ ਚੜ੍ਹਾਇਆ ਜਾ ਸਕਦੈ ਜੇਕਰ ਤੁਸੀਂ ਅਜਿਹਾ ਹੋਣ ਦੇਣਾ ਚਾਹੋ!

ਸਿਆਣਿਆਂ ਨੂੰ ਅਸੀਂ ਕਈ ਵਾਰ ਨਿਆਣਿਆਂ ਬਾਰੇ ਗੱਲਾਂ ਕਰਦੇ ਸੁਣ ਸਕਦੇ ਹਾਂ। ਉਹ ਅਜਿਹੀਆਂ ਗੱਲਾਂ ਕਹਿਣਗੇ, ”ਉਸ ਮੁੰਡੇ ਨੂੰ ਕੁਝ ਸਿੱਖਣ ਦੀ ਲੋੜ ਹੈ।” ਜਾਂ, ”ਇਸ ਲੜਕੀ ਨੂੰ ਇਸ ਚੀਜ਼ ਦੀ ਹੁਣ ਆਦਤ ਪਾ ਲੈਣੀ ਚਾਹੀਦੀ ਹੈ।” ਆਮ ਤੌਰ ‘ਤੇ, ਇਸ ਬਿਆਨ ਦੀ ਉਪਜ ਹੁੰਦੀ ਹੈ ਕਿਸੇ ਸੀਮਾ ਨੂੰ ਕਬੂਲ ਕਰਨ ਦੀ ਲੋੜ ਸਮਝਾਉਣ ਸੋਚ ਵਿੱਚੋਂ। ਬੱਚਿਆਂ ਨੂੰ, ਸੱਚਮੁੱਚ, ਇਹ ਸਮਝਣ ਦੀ ਲੋੜ ਹੈ ਕਿ ਕੀ ਸੰਭਵ ਹੈ ਅਤੇ ਕੀ ਨਹੀਂ, ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਹ ਇਹ ਮਹਿਸੂਸ ਕਰਨਾ ਨਾ ਸ਼ੁਰੂ ਕਰ ਦੇਣ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ‘ਚ ਕੁਝ ਵੀ ਚੰਗਾ ਵਾਪਰ ਹੀ ਨਹੀਂ ਸਕਦਾ। ਤੁਹਾਡੇ ਅਤੀਤ ‘ਚ ਵਾਪਰੀਆਂ ਕੁਝ ਘਟਨਾਵਾਂ ਨੇ ਤੁਹਾਨੂੰ ਆਪਣੀਆਂ ਅੱਖਾਂ ਝੁਕਾਉਣ ‘ਤੇ ਮਜਬੂਰ ਕੀਤੈ, ਅਤੇ ਆਪਣੀਆਂ ਆਸਾਂ ਘਟਾਉਣ ‘ਤੇ ਵੀ। ਪਰ ਹੁਣ, ਚੰਗਾ ਹੋਵੇ ਕਿ ਤੁਸੀਂ ਇਹ ਯਕੀਨ ਕਰ ਲਓ ਕਿ ਬਿਹਤਰੀ ਮੁਮਕਿਨ ਹੈ … ਅਤੇ ਤੁਸੀਂ ਉਸ ਨੂੰ ਹਾਸਿਲ ਕਰ ਸਕਦੇ ਹੋ।

ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਜੇ ਤੁਸੀਂ ਕਿਸੇ ਵਾਕ ਦੀ ਸ਼ੁਰੂਆਤ ਅਜਿਹੇ ਲਫ਼ਜ਼ਾਂ ਨਾਲ ਕਰੋ ‘ਮਾਹਿਰ ਮੰਨਦੇ ਨੇ ਕਿ’ ਤਾਂ ਤੁਸੀਂ ਉਸ ਵਿਚਾਰ ਨੂੰ ਇੰਨੀ ਕੁ ਪੁਖ਼ਤਗੀ ਦੇ ਦਿੰਦੇ ਹੋ ਕਿ ਸਿਰਫ਼ ਬਹੁਤ ਜ਼ਿਆਦਾ ਸ਼ੰਕਾਵਾਦੀਆਂ ਤੋਂ ਛੁੱਟ ਹਰ ਕੋਈ ਉਸ ‘ਤੇ ਵਿਸ਼ਵਾਸ ਕਰ ਲਵੇਗਾ। ਇਸ ਸੰਸਾਰ ਵਿੱਚ, ਪਰ, ਬਹੁਤ ਹੀ ਘੱਟ ਸੱਚੇ ਮਾਹਿਰ ਮਿਲਦੇ ਨੇ, ਅਤੇ ਕਿਸੇ ਇੱਕ ਮੁੱਦੇ ‘ਤੇ ਦੋ ਜਾਂ ਉਸ ਤੋਂ ਵੱਧ ਦੀ ਇਤਫ਼ਾਕੇ ਰਾਏ ਹੋਣ ਦੀ ਸੰਭਾਵਾਨਾ ਵੀ ਬਹੁਤ ਘੱਟ ਹੁੰਦੀ ਹੈ। ਦਰਅਸਲ ਤੁਹਾਨੂੰ ਬਹੁਤ ਸਾਰੇ ਅਜਿਹੇ ਲੋਕ ਮਿਲਦੇ ਰਹਿੰਦੇ ਹਨ ਜਿਨ੍ਹਾਂ ਨੂੰ ਥੋੜ੍ਹਾ-ਬਹੁਤ ਪਤਾ ਹੁੰਦੈ, ਪਰ ਉਹ ਆਪਣੀ ਪੂਰੀ ਵਾਹ ਲਗਾਉਂਦੇ ਨੇ ਕਿ ਉਹ ਇੰਝ ਪਾਖੰਡ ਕਰਨ ਜਿਵੇਂ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਕਿਸੇ ਮਾਹਿਰ ਤੋਂ ਆਪਣੇ ਪ੍ਰੇਮ ਜੀਵਨ ਬਾਰੇ ਸਲਾਹ ਲੈਣਾ ਸ਼ਾਇਦ ਉਹ ਆਖ਼ਰੀ ਚੀਜ਼ ਹੋਵੇਗੀ ਜਿਹੜੀ ਤੁਸੀਂ ਇਸ ਵਕਤ ਕਰਨਾ ਚਾਹੋ। ਇਸ ਤੋਂ ਬਿਹਤਰ ਤਾਂ ਹੈ ਆਪਣੀ ਸਭ ਤੋਂ ਉਜਵਲ ਉਮੀਦ ‘ਚ ਯਕੀਨ ਕਾਇਮ ਰੱਖਣਾ!

ਆ ਰਿਹਾ ਜੇ ਇੱਕ ਦਿਲਚਸਪ ਸਵਾਲ। ਕੀ ਤੁਸੀਂ ਖ਼ੁਦ ਨੂੰ ਇੱਕ ਰੌਸ਼ਨ ਦਿਮਾਗ਼ ਮਾਰਗਦਰਸ਼ਕ ਜਾਂ ਇੱਕ ਸੰਭਾਵੀ ਸੰਤ ਸਮਝਦੇ ਹੋ? ਉਪ੍ਰੋਕਤ ਦੋਹਾਂ ‘ਚੋਂ ਕੁਝ ਵੀ ਬਣਨਾ ਤੁਹਾਨੂੰ ਇੱਕ ਅਸੰਭਵ ਪ੍ਰਸਤਾਵ ਜਾਪ ਰਹੇ ਹੋਣਗੇ, ਪਰ ਤੁਹਾਨੂੰ ਇੱਕ ਗੱਲ ਆਪਣੇ ਦਿਮਾਗ਼ ‘ਚ ਰੱਖਣੀ ਚਾਹੀਦੀ ਹੈ ਕਿ ਇਨ੍ਹਾਂ ਦੋਹਾਂ ਕਿਸਮਾਂ ਦੇ ਲੋਕ ਆਪਣੇ-ਆਪ ਨੂੰ ਕਦੇ ਵੀ ਇੱਕ ਖ਼ਾਸ ਵਿਅਕਤੀ ਸਮਝਣ ਦੇ ਆਦੀ ਨਹੀਂ ਹੁੰਦੇ। ਕਾਢਕਾਰ ਅਕਸਰ ਅਜਿਹੇ ਲੋਕ ਹੁੰਦੇ ਨੇ ਜਿਹੜੇ ਉਹ ਕਰ ਸਕਣ ਲਈ ਸੰਘਰਸ਼ ਕਰਦੇ ਨੇ ਜੋ ਉਨ੍ਹਾਂ ਦੀ ਜਾਚੇ ਸਹੀ ਹੁੰਦੈ, ਫ਼ਿਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਾਰਜ ਕਿੰਨਾ ਵਕਤ ਲੈਂਦਾ ਹੈ। ਦਿਆਵਾਨ, ਮਿਹਰਬਾਨ, ਦਾਨੀ, ਪਰਵਾਹ ਕਰਨ ਵਾਲੀਆਂ ਰੂਹਾਂ ਦੇ ਜੀਵਨ ਅਸ਼ਾਂਤੀ ਅਤੇ ਸਵੈ-ਸ਼ੰਕਿਆਂ ਨਾਲ ਭਰਪੂਰ ਹੋ ਸਕਦੇ ਹਨ। ਤੁਸੀਂ ਥੋੜ੍ਹੀ ਪ੍ਰਸ਼ੰਸਾ ਅਤੇ ਸਰਾਹਨਾ ਦੇ ਹੱਕਦਾਰ ਹੋ। ਹੁਣ ਵਕਤ ਹੈ ਖ਼ੁਦ ‘ਤੇ ਮਾਣ ਮਹਿਸੂਸ ਕਰਨ ਦਾ।