ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕੇਂਦਰ ਤੋਂ ਦਿੱਲੀ ਨੂੰ 1300 ਮਿਲੀਅਨ ਗੈਲਨ ਰੋਜ਼ਾਨਾ (MGD) ਪਾਣੀ ਉਪਲੱਬਧ ਕਰਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ‘ਚ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਯਕੀਨੀ ਕਰਨ ‘ਚ ਮਦਦ ਮਿਲੇਗੀ। ਉਨ੍ਹਾਂ ਨੇ ਪਹਾੜਗੰਜ ਪਿੰਡ ‘ਚ 1.1 ਕਰੋੜ ਲੀਟਰ ਸਮਰੱਥਾ ਵਾਲੇ ਭੂਮੀਗਤ ਜਲ ਭੰਡਾਰ ਦਾ ਉਦਘਾਟਨ ਕਰਨ ਮਗਰੋਂ ਦਿੱਲੀ ਸਰਕਾਰ ਸ਼ਹਿਰ ‘ਚ ਪਾਣੀ ਦੀ ਉਪਲੱਬਧਤਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਦੀ ਆਬਾਦੀ ਕਰੀਬ 80 ਲੱਖ ਸੀ, ਤਾਂ ਉਸ ਨੂੰ 800-850 MGD ਪਾਣੀ ਮਿਲਦਾ ਸੀ। ਹੁਣ ਵੀ ਇੱਥੇ ਓਨਾਂ ਹੀ ਪਾਣੀ ਮਿਲ ਰਿਹਾ ਹੈ, ਜਦਕਿ ਆਬਾਦੀ ਹੁਣ 3 ਗੁਣਾ ਹੋ ਕੇ 2.5 ਕਰੋੜ ਹੋ ਗਈ ਹੈ। ਕੇਜਰੀਵਾਲ ਮੁਤਾਬਕ ਜੇਕਰ ਕੇਂਦਰ ਵਲੋਂ ਦਿੱਲੀ ਨੂੰ 1300 MGD ਪਾਣੀ ਉਪਲੱਬਧ ਕਰਵਾਇਆ ਜਾਂਦਾ ਹੈ ਤਾਂ ਸ਼ਹਿਰ ਦੇ ਹਰੇਕ ਘਰ ‘ਚ 24 ਘੰਟੇ ਪਾਣੀ ਦੀ ਸਪਲਾਈ ਕਰਨਗੇ। ਇਕ ਮਿਲੀਅਨ ਗੈਲਨ ‘ਚ 37,85,412 ਲੀਟਰ ਪਾਣੀ ਹੁੰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੀ ਸਰਕਾਰ ਇਸ ਲਈ ਕੰਮ ਕਰੇਗੀ।