ਭੁਵਨੇਸ਼ਵਰ- ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ‘ਚ ਇਕ ਸਹਾਇਕ ਸਬ-ਇੰਸਪੈਕਟਰ (ASI) ਨੇ ਐਤਵਾਰ ਨੂੰ ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਨਾਬਾ ਕਿਸ਼ੋਰ ਦਾਸ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਸ਼ਹਿਰ ‘ਚ ਦੁਪਹਿਰ ਕਰੀਬ 1 ਵਜੇ ਦੇ ਨੇੜੇ-ਤੇੜੇ ਉਸ ਸਮੇਂ ਵਾਪਰੀ, ਜਦੋਂ ਦਾਸ ਇਕ ਬੈਠਕ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬ੍ਰਜਰਾਜਨਗਰ ਦੇ SDPO ਗੁਪਤੇਸ਼ਵਰ ਭੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ASI ਗੋਪਾਲ ਦਾਸ ਨੇ ਮੰਤਰੀ ‘ਤੇ ਗੋਲੀ ਚਲਾ ਦਿੱਤੀ।
ਘਟਨਾ ਵਿਚ ਮੰਤਰੀ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਭੋਈ ਨੇ ਦੱਸਿਆ ਸਥਾਨਕ ਲੋਕਾਂ ਨੇ ਦੋਸ਼ੀ ASI ਨੂੰ ਫੜ ਲਿਆ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ASI ਨੇ ਮੰਤਰੀ ‘ਤੇ ਗੋਲੀ ਕਿਉਂ ਚਲਾਈ, ਉਸ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕੀਤੀ ਹੈ। ਘਟਨਾ ਦੀ ਇਕ ਵੀਡੀਓ ਵਿਚ ਮੰਤਰੀ ਦਾਸ ਬੇਹੋਸ਼ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸੀਨੇ ‘ਚੋਂ ਖ਼ੂਨ ਵਹਿ ਰਿਹਾ ਹੈ। ਵੀਡੀਓ ‘ਚ ਸਥਾਨਕ ਲੋਕ ਮੰਤਰੀ ਨੂੰ ਚੁੱਕ ਕੇ ਕਾਰ ਦੀ ਅਗਲੀ ਸੀਟ ‘ਤੇ ਬੈਠਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
SDPO ਮੁਤਾਬਕ ਮੰਤਰੀ ਨੂੰ ਪਹਿਲਾਂ ਝਾਰਸੁਗੁੜਾ ਜ਼ਿਲ੍ਹਾ ਹੈੱਡਕੁਆਰਟਰ ਲਿਜਾਇਆ ਗਿਆ ਸੀ ਪਰ ਬਾਅਦ ਵਿਚ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਹਵਾਈ ਮਾਰਗ ਤੋਂ ਭੁਵਨੇਸ਼ਵਰ ਦੇ ਹਸਪਤਾਲ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ। ਦਾਸ ‘ਤੇ ਹਮਲੇ ਮਗਰੋਂ ਸ਼ਹਿਰ ‘ਚ ਤਣਾਅ ਦਾ ਮਾਹੌਲ ਹੈ। ਮੰਤਰੀ ਦੇ ਸਮਰਥਕਾਂ ਨੇ ਉਨ੍ਹਾਂ ਦੀ ਸੁਰੱਖਿਆ ਵਿਚ ਚੂਕ ‘ਤੇ ਸਵਾਲ ਚੁੱਕੇ।