DGCA ਨੇ ਗੋ-ਫਸਟ ਨੂੰ ਕੀਤਾ 10 ਲੱਖ ਰੁਪਏ ਜੁਰਮਾਨਾ, 55 ਯਾਤਰੀਆਂ ਨੂੰ ਛੱਡ ਕੇ ਉੱਡ ਗਿਆ ਸੀ ਵਿਮਾਨ

ਨਵੀਂ ਦਿੱਲੀ : ਡੀ.ਜੀ.ਸੀ.ਏ. ਨੇ ਗੋ-ਫਸਟ ਏਅਰਲਾਈਨ ਨੂੰ ਜਨਵਰੀ ਦੀ ਘਟਨਾ ਦੇ ਸਬੰਧ ਵਿਚ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦਰਅਸਲ, 9 ਜਨਵਰੀ ਨੂੰ ਗੋ-ਫਸਟ ਏਅਰਲਾਈਨ ਦੀ ਫਲਾਈਟ ਬੇਂਗਲੁਰੂ ਹਵਾਈ ਅੱਡੇ ‘ਤੇ 55 ਯਾਤਰੀਆਂ ਨੂੰ ਲਏ ਬਿਨਾਂ ਰਵਾਨਾ ਹੋਈ ਸੀ। ਹਵਾਬਾਜ਼ੀ ਰੈਗੂਲੇਟਰ ਨੇ ਘਟਨਾ ਤੋਂ ਬਾਅਦ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਘਟਨਾ ਸਬੰਧੀ ਇਕ ਬਿਆਨ ਵਿਚ, ਡੀ.ਜੀ.ਸੀ.ਏ. ਨੇ ਕਿਹਾ, “ਨੋਟਿਸ ਦੇ ਜਵਾਬ ਵਿਚ GoFirst ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਮੁਤਾਬਕ, ਉਕਤ ਘਟਨਾ ਯਾਤਰੀਆਂ ਦੇ ਬੋਰਡਿੰਗ ਦੇ ਸਬੰਧ ਵਿਚ ਟਰਮੀਨਲ ਕੋਆਰਡੀਨੇਟਰ, ਵਪਾਰਕ ਕਰਮਚਾਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਵਿਚਕਾਰ ਸੰਚਾਰ ਅਤੇ ਤਾਲਮੇਲ ਦੀ ਕਮੀ ਕਾਰਨ ਵਾਪਰੀ ਹੈ।” ਰੈਗੂਲੇਟਰ ਨੇ ਕਿਹਾ ਕਿ ਹੋਰ ਵੀ ਕਮੀਆਂ ਸਨ। ਇਸ ਸਭ ਦੇ ਮੱਦੇਨਜ਼ਰ ਉਸ ਨੇ ਏਅਰਲਾਈਨ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।