ਗਲੋਬਲ ਆਈਕੌਨ ਪ੍ਰਿਯੰਕਾ ਚੋਪੜਾ ਅਤੇ ਅਦਾਕਾਰ ਨਿਕ ਜੋਨਾਸ ਨੇ ਜਨਵਰੀ 2022 ‘ਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ। ਹਾਲ ਹੀ ‘ਚ ਉਹ ਬ੍ਰਿਟਿਸ਼ ਵੋਗ ਕਵਰ ‘ਤੇ ਆਪਣੀ ਧੀ ਨਾਲ ਨਜ਼ਰ ਆਈ। ਪ੍ਰਿਯੰਕਾ ਬ੍ਰਿਟਿਸ਼ ਵੋਗ ਦੇ ਕਵਰ ‘ਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਹੈ। ਇਸ ਦੌਰਾਨ ਵੋਗ ਨਾਲ ਇੱਕ ਤਾਜ਼ਾ ਇੰਟਰਵਿਊ ਦੌਰਾਨ ਪ੍ਰਿਯੰਕਾ ਚੋਪੜਾ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ।
ਕਿਉਂ ਚੁਣਿਆ ਪ੍ਰਿਯੰਕਾ ਨੇ ਸਰੋਗੇਸੀ ਨੂੰ?
ਵੋਗ ਨਾਲ ਇੱਕ ਇੰਟਰਵਿਊ ਦੌਰਾਨ ਪ੍ਰਿਯੰਕਾ ਚੋਪੜਾ ਨੇ ਇਸ ਤੱਥ ਬਾਰੇ ਖ਼ੁਲਾਸਾ ਕੀਤਾ ਕਿ ਉਸ ਨੇ ਅਤੇ ਉਸ ਦੇ ਪਤੀ ਨਿਕ ਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ। ਅਦਾਕਾਰਾ ਨੇ ਕਿਹਾ, ”ਮੇਰਾ ਹਮੇਸ਼ਾ ਤੋਂ ਹੀ ਇਹ ਸੁਫ਼ਨਾ ਸੀ ਕਿ ਮੈਂ ਮਾਂ ਬਣਾਂ, ਪਰ ਮੇਰੀ ਪ੍ਰੈਗਨੈਂਸੀ ‘ਚ ਬਹੁਤ ਕੌਮਪਲੀਕੇਸ਼ਨਜ਼ (ਪੇਚੀਦਗੀਆਂ) ਸਨ। ਇਹ ਇੱਕ ਜ਼ਰੂਰੀ ਕਦਮ ਸੀ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੀ ਸਥਿਤੀ ‘ਚ ਸੀ ਜਿੱਥੇ ਮੈਂ ਇਹ ਔਪਸ਼ਨ ਚੁਣ ਸਕਦੀ ਸੀ।” ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਦੀ ਸਰੋਗੇਟ ਮਾਂ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, ”ਸਾਡੀ ਸਰੋਗੇਟ ਬਹੁਤ ਉਦਾਰ ਸੀ। ਉਹ ਬਹੁਤ ਵਧੀਆ, ਸਵੀਟ ਅਤੇ ਮਜ਼ਾਕੀਆ ਹੈ ਅਤੇ ਉਸ ਨੇ ਛੇ ਮਹੀਨਿਆਂ ਲਈ ਸਾਡੇ ਲਈ ਇਸ ਕੀਮਤੀ ਤੋਹਫ਼ੇ ਦੀ ਦੇਖਭਾਲ ਕੀਤੀ।”
ਸਰੋਗੇਸੀ ‘ਤੇ ਕਿਉਂ ਚਰਚਾ ਨਹੀਂ ਕਰਨਾ ਚਾਹੁੰਦੀ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਨੇ ਇੰਟਰਵਿਊ ‘ਚ ਇਹ ਵੀ ਦੱਸਿਆ ਕਿ ਉਹ ਆਪਣੀ ਸਰੋਗੇਸੀ ਯਾਤਰਾ ‘ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ। ਉਸ ਨੇ ਕਿਹਾ, ”ਤੁਸੀਂ ਮੈਨੂੰ ਨਹੀਂ ਜਾਣਦੇ। ਤੁਸੀਂ ਨਹੀਂ ਜਾਣਦੇ ਕਿ ਮੈਂ ਕਿਸ ਦੌਰ ‘ਚੋਂ ਲੰਘੀ ਹਾਂ ਅਤੇ ਮੈਂ ਨਹੀਂ ਸੀ ਚਾਹੁੰਦੀ ਕਿ ਜੋ ਮੈਡੀਕਲ ਹਿਸਟਰੀ ਮੇਰੀ ਹੈ, ਉਸ ਦੇ ਅੰਸ਼ ਮੇਰੀ ਧੀ ਅੰਦਰ ਵੀ ਹੋਣ।”
ਗਰਭ ਨੂੰ ਆਊਟਸੋਰਸ ਕਰਨ ਦੇ ਦੋਸ਼
ਪ੍ਰਿਯੰਕਾ ਚੋਪੜਾ ਨੇ ਹਾਲ ਹੀ ‘ਚ ਬੇਟੀ ਮਾਲਤੀ ਮੈਰੀ ਚੋਪੜਾ ਜੋਨਾਸ ਨਾਲ ਵੋਗ ਫ਼ੋਟੋਸ਼ੂਟ ਕਰਵਾਇਆ ਹੈ। ਵੀਰਵਾਰ ਨੂੰ ਪ੍ਰਿਯੰਕਾ ਨੇ ਬੱਚੇ ਨਾਲ ਆਪਣਾ ਪਹਿਲਾ ਕਵਰ ਸ਼ੂਟ ਕੀਤਾ ਜਿਸ ‘ਚ ਮਾਂ-ਧੀ ਦੀ ਜੋੜੀ ਬਹੁਤ ਪਿਆਰੀ ਲੱਗ ਰਹੀ ਸੀ। ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਦੱਸਿਆ ਕਿ ਧੀ ਦੇ ਜਨਮ ਤੋਂ ਬਾਅਦ ਉਸ ‘ਤੇ ਗਰਭ ਨੂੰ ਆਊਟਸੋਰਸ ਕਰਨ, ਕਿਰਾਏ ਦੀ ਕੁੱਖ ਲੈਣ, ਸਰੋਗੇਟ ਰਾਹੀਂ ਰੇਡੀਮੇਡ ਬੇਬੀ ਲੈਣ ਆਦਿ ਦੇ ਦੋਸ਼ ਲੱਗੇ ਸਨ। ਇਸ ‘ਤੇ ਪ੍ਰਿਯੰਕਾ ਤੋਂ ਪੁੱਛਿਆ ਗਿਆ ਕਿ ਕੀ ਮਾਂ ਬਣਨ ਤੋਂ ਬਾਅਦ ਉਸ ਨੂੰ ਦੂਸਰਿਆਂ ਤੋਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਣ ਦੀ ਉਮੀਦ ਸੀ? ਇਸ ‘ਤੇ ਦੇਸੀ ਗਰਲ ਨੇ ਕਿਹਾ, ”ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਹੈ ਕਿ ਲੋਕ ਮੇਰੇ ਬਾਰੇ ਕੀ ਗੱਲ ਕਰਦੇ ਨੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।”
ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਜਲਦ ਹੀ ਬੌਲੀਵੁਡ ਫ਼ਿਲਮ ਜੀ ਲੇ ਜ਼ਰਾ ‘ਚ ਨਜ਼ਰ ਆਵੇਗੀ ਜਿਸ ਦਾ ਨਿਰਦੇਸ਼ਨ ਫ਼ਰਹਾਨ ਅਖ਼ਤਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਹੌਲੀਵੁਡ ਫ਼ਿਲਮ ਲਵ ਅਗੇਨ ਐਂਡ ਐਂਡਿੰਗ ਥਿੰਗਜ਼ ‘ਚ ਨਜ਼ਰ ਆਵੇਗੀ। ਪ੍ਰਿਯੰਕਾ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ਸੀਟਾਡੇਲ ਨਾਲ ਡਿਜੀਟਲ ਡੈਬਿਊ ਕਰਨ ਜਾ ਰਹੀ ਹੈ।