ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਦਾਨਿਸ਼ ਕਨੇਰੀਆ ਨੇ PCB ਨੂੰ ਸਲਾਹ ਦਿੱਤੀ ਹੈ ਕਿ ਜਦੋਂ ਵਨਡੇਅ ਵਿਸ਼ਵ ਕੱਪ ਲਈ ਆਪਣੀ ਟੀਮ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਭਾਰਤ ਤੋਂ ਸਬਕ ਲੈਣ। ਭਾਰਤ ਨੇ ਸਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਕਿਉਂਕਿ ਮੈੱਨ-ਇਨ-ਬਲੂ ਨੇ ਸ੍ਰੀ ਲੰਕਾ ਅਤੇ ਨਿਊ ਜ਼ੀਲੈਂਡ ਖ਼ਿਲਾਫ਼ ਲਗਾਤਾਰ ਸੀਰੀਜ਼ ਜਿੱਤੀਆਂ।
ਦੂਜੇ ਪਾਸੇ, ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਨਿਊ ਜ਼ੀਲੈਂਡ ਖ਼ਿਲਾਫ਼ ਬੀਤੇ ਦਿਨੀਂ ਖ਼ਤਮ ਹੋਈ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ‘ਚ 3-0 ਨਾਲ ਜਿੱਤੀ ਅਤੇ ਮੁਕੰਮਲ ਵ੍ਹਾਈਟਵਾਸ਼ ਕਰ ਕੇ ਵਨਡੇਅ ਫ਼ੌਰਮੈਟ ਦੀ ਨੰਬਰ ਇੱਕ ਟੀਮ ਬਣ ਗਈ। ਕਨੇਰੀਆ ਨੇ ਆਪਣੇ ਯੂਟਿਊਬ ਚੈਨਲ ‘ਤੇ ਕਿਹਾ, ”ਭਾਰਤ ਜਾਣਦਾ ਹੈ ਕਿ ਰਿਸ਼ਭ ਪੰਤ ਵਿਸ਼ਵ ਕੱਪ ਲਈ ਉਪਲਬਧ ਨਹੀਂ ਹੋ ਸਕਦਾ ਅਤੇ ਇਸ ਲਈ ਉਹ ਵਿਕਟਕੀਪਰ ਦੇ ਤੌਰ ‘ਤੇ ਕੇ. ਐੱਲ. ਰਾਹੁਲ ਦੇ ਬੈਕਅੱਪ ਵਜੋਂ ਈਸਾਨ ਕਿਸ਼ਨ ਨੂੰ ਤਿਆਰ ਕਰ ਰਹੇ ਹਨ ਜਦਕਿ ਅਸੀਂ ਕੀ ਕਰ ਰਹੇ ਹਾਂ? ਅਸੀਂ ਸਿਰਫ਼ ਰਿਜ਼ਵਾਨ ਦੇ ਨਾਲ ਹਾਂ ਅਤੇ ਮੁਹੰਮਦ ਹਾਰਿਸ ਨੂੰ ਕੋਈ ਜੋਖ਼ਮ ਨਹੀਂ ਦੇ ਰਹੇ। ਉਸ ਨੇ ਕਿਹਾ, ”ਪੱਖਪਾਤ ਤੁਹਾਨੂੰ ਵਿਸ਼ਵ ਕੱਪ ਲਈ ਟੀਮ ਬਣਾਉਣ ‘ਚ ਮਦਦ ਨਹੀਂ ਕਰੇਗਾ। ਕਨੇਰੀਆ ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਅਤੇ ਕਿਊਰੇਟਰਾਂ ‘ਤੇ ਘਰ ‘ਚ ਨਤੀਜਾ-ਆਧਾਰਿਤ ਪਿੱਚਾਂ ਤਿਆਰ ਨਾ ਕਰਨ ‘ਤੇ ਵੀ ਆਲੋਚਨਾ ਕੀਤੀ। ਉਸ ਨੇ ਕਿਹਾ, ”ਜਦੋਂ ਤੁਸੀਂ ਜੀਵੰਤ ਵਿਕਟ ਦਿੰਦੇ ਹੋ, ਨਤੀਜੇ ਦੀ ਪਰਵਾਹ ਕੀਤੇ ਬਿਨਾਂ, ਵਿਰੋਧੀ ਟੀਮ ਵੀ ਰਫ਼ਤਾਰ ਅਤੇ ਉਛਾਲ ਦਾ ਆਨੰਦ ਲੈਂਦੀ ਹੈ ਅਤੇ ਫ਼ਿਰ ਤੁਹਾਨੂੰ ਸਟੇਡੀਅਮ ‘ਚ ਭੀੜ ਦਿਖਾਈ ਦਿੰਦੀ ਹੈ।”
”ਪਾਕਿਸਤਾਨ ‘ਚ ਅਸੀਂ ਇੱਕ ਦਿਨ ਵੀ ਨੈਸ਼ਨਲ ਸਟੇਡੀਅਮ ਭਰਿਆ ਨਹੀਂ ਦੇਖਿਆ। ਇਹ ਕਿਊਰੇਟਰ ਦੇ ਨਾਲ-ਨਾਲ PCB ਦਾ ਵੀ ਕਸੂਰ ਹੈ ਜਿਸ ਨੇ ਮਰੀਆਂ ਹੋਈਆਂ ਵਿਕਟਾਂ ਤਿਆਰ ਕੀਤੀਆਂ। ਪਾਕਿਸਤਾਨ ਦੇ ਗੇਂਦਬਾਜ਼ਾਂ ਕੋਲ ਖੇਡਣ ਲਈ ਕੁੱਝ ਨਹੀਂ ਸੀ। ਲੋਕ ਸਟੇਡੀਅਮ ‘ਚ ਆਉਣਾ ਚਾਹੁੰਦੇ ਹਨ ਪਰ ਫ਼ਿਰ ਮਨੋਰੰਜਨ ਨਹੀਂ ਹੁੰਦਾ।”