ਪ੍ਰਿੰ.ਸਰਵਣ ਸਿੰਘ
ਨਿੰਦਰ ਘੁਗਿਆਣਵੀ ਜਿੰਨਾ ਨਿੱਕਾ ਹੈ ਓਨਾ ਹੀ ਤਿੱਖਾ। ਪਹਿਲਾਂ ਮੈਨੂੰ ਚਾਚਾ ਕਹਿੰਦਾ ਸੀ ਹੁਣ ਤਾਇਆ। ਅਖੇ ਮੈਂ ਦੋਹਾਂ ਦੀਆਂ ਜਨਮ ਤਾਰੀਖਾਂ ਵੇਖ ਲਈਆਂ ਅਤੇ ਗ਼ਲਤੀ ਸੁਧਾਰ ਲਈ! ਉਸ ਨੇ ਸਵੈ-ਜੀਵਨੀ, ਜੀਵਨੀਆਂ, ਰੇਖਾ-ਚਿੱਤਰ, ਨਿਬੰਧ, ਲਲਿਤ ਨਿਬੰਧ, ਯਾਦਾਂ, ਸਫ਼ਰਨਾਮੇ, ਡਾਇਰੀਨਾਮੇ, ਰੇਡੀਓਨਾਮੇ ਅਤੇ ਅਨੇਕਾਂ ਅਖ਼ਬਾਰੀ ਕਾਲਮ ਲਿਖੇ ਨੇ ਜੋ ਪੰਜਾਹ ਤੋਂ ਵੱਧ ਪੁਸਤਕਾਂ ਵਿੱਚ ਸ਼ਾਮਲ ਹਨ। ਪੇਂਡੂ ਮਲਵਈ ਸ਼ਬਦਾਵਲੀ, ਅਖਾਣਾਂ, ਮੁਹਾਵਰੇ, ਨਿੱਕੇ ਸਰਲ ਵਾਕ, ਸੰਖੇਪ ਪੈਰੇ, ਸ਼ਬਦਾਂ ਦੀ ਸੂਖਮ ਲੈਅ, ਵਾਰਤਾ ਦਾ ਦ੍ਰਿਸ਼ ਵਰਣਨ, ਰੌਚਕ ਬਿਰਤਾਂਤ, ਸਰਲਤਾ, ਸਪੱਸ਼ਟਤਾ ਅਤੇ ਕਾਵਿਕ ਛੋਹਾਂ ਉਸ ਦੀ ਵਾਰਤਕ ਦੇ ਮੀਰੀ ਗੁਣ ਹਨ। ਉਹਦੀ ਲੇਖਣੀ ‘ਚ ਅਨੇਕਾਂ ਰੰਗਾਂ, ਰਸਾਂ, ਸੁਗੰਧਾਂ, ਤੱਤੀਆਂ ਠੰਢੀਆਂ ਛੋਹਾਂ ਅਤੇ ਮਧੁਰ ਧੁਨਾਂ ਦਾ ਮਿਸ਼ਰਣ ਹੈ। ਸੁਰਜੀਤ ਪਾਤਰ ਨੂੰ ਉਹਦੀ ਵਾਰਤਕ ਵਿਚਲੀ ਮਸੂਮੀਅਤ, ਵਿਅੰਗ ਅਤੇ ਵਿਨੋਦੀਪਨ ਚੰਗੇ ਲੱਗਦੇ ਹਨ। ਉਹਦੀ ਲਿਖਣ ਸ਼ੈਲੀ ਦੀ ਸਾਦਗੀ, ਰਵਾਨਗੀ ਅਤੇ ਬੇਬਾਕੀ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਉਹ ਨਿੱਕੇ ਕੱਦ ਦਾ ਕੱਦਾਵਰ ਲੇਖਕ ਹੈ। ਜੁਗਤੀ ਵੀ ਹੈ ਅਤੇ ਜੁਗਾੜੀ ਵੀ। ਕਲਮ ਚਲਾਉਣੀ ਉਹਦੀ ਜੁਗਤ ਹੈ ਅਤੇ ਤੂੰਬੀ ਵਜਾਉਣੀ ਉਹਦਾ ਜੁਗਾੜ। ਰੇਹੜੇ ‘ਤੇ ਚੜ੍ਹਨ ਵਾਲਾ ਪੇਂਡੂ ਮੁੰਡਾ, ਕਲਮ ਅਤੇ ਤੂੰਬੀ ਦੇ ਸਿਰ ‘ਤੇ ਹਵਾਈ ਜਹਾਜ਼ਾਂ ‘ਤੇ ਚੜ੍ਹ ਕੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਗਾਹ ਆਇਐ। ਹੈ ਕੋਈ ਉਹਦੇ ਵਰਗਾ ਅਸਤਰ ਜਿਹੜਾ ਸਕੂਲ ਦੀ ਪੜ੍ਹਾਈ ਵਿੱਚੇ ਛੱਡ ਗਿਆ ਹੋਵੇ ਅਤੇ ਅਰਦਲੀ ਤੋਂ ਮਾਲੀ ਬਣ ਕੇ ਕਿਸੇ ਯੂਨੀਵਰਸਿਟੀ ਦਾ ਵਿਜਿਥਟਿੰਗ ਪ੍ਰੋਫ਼ੈਸਰ ਬਣ ਗਿਆ ਹੋਵੇ। ਅਜੇ ਵੀ ਕੀ ਪਤਾ ਕੀ ਦਾ ਕੀ ਬਣ ਜਾਵੇ?
ਉਸ ਨੇ ਇਸ ਪੁਸਤਕ ਦੇ ਆਰੰਭ ਜਦੋਂ ਮੈਂ ਵਾਰਤਕ ਲਿਖਦਾ ਹਾਂ ‘ਚ ਲਿਖਿਆ, ”ਸੁਰ ਦੀ ਸਾਂਝ ਬਚਪਨ ਤੋਂ ਰਹੀ। ਜਦੋਂ ਕਲਮ ਸੌਂ ਰਹੀ ਹੋਵੇ ਤਾਂ ਤੂੰਬੀ ਹੱਥ ਹੁੰਦੀ ਹੈ। ਇੰਝ ਗਿਆਨ ਅਤੇ ਧਿਆਨ ਬਣਿਆ ਰਹਿੰਦੈ। ਵਾਰਤਕ ਲਿਖਦਿਆਂ ਸੁਰ ਮੇਰੇ ਨਾਲ ਨਾਲ ਤੁਰਦੀ ਹੈ। ਕੁੱਝ ਕੁੱਝ ਪੋਂਹਦੀ ਰਹਿੰਦੀ ਹੈ, ਮੋਂਹਦੀ ਰਹਿੰਦੀ ਹੈ। ਸ਼ਬਦ ਬੀੜ ਹੁੰਦੇ ਨੇ। ਜਿਵੇਂ ਰਾਜ ਮਿਸਤਰੀ ਇੱਟਾਂ ਚਿਣਦਾ ਹੈ। ਹੱਥ ‘ਚ ਤੇਸੀ ਹੈ। ਫ਼ੀਤਾ ਹੈ। ਸੂਤਾ ਹੈ। ਕਰੰਡੀ ਹੈ। ਵਿੱਥਾਂ, ਚਿੱਪਾਂ ਮੇਲਦਾ-ਭਰਦਾ ਜਾਂਦਾ ਹੈ ਅਤੇ ਇੱਟਾਂ ਦੇ ਸੰਸਾਰ ਨਾਲ ਖੇਲ੍ਹਦਾ-ਮੇਲ੍ਹਦਾ ਰਹਿੰਦਾ ਹੈ। ਇਉਂ ਹੀ ਮੈਂ ਅੱਖਰਾਂ, ਸ਼ਬਦਾਂ, ਵਾਕਾਂ, ਪੈਰ੍ਹਿਆਂ ਵਿੱਚ ਦੀ ਵਿਚਰਦਿਆਂ ਖੇਲ੍ਹਦਾ-ਮੇਲ੍ਹਦਾ ਵਾਰਤਕ ਲਿਖੀ ਜਾ ਰਿਹਾ ਹਾਂ।”
ਵਰਿਆਮ ਸਿੰਘ ਸੰਧੂ ਨੇ ਲਿਖਿਆ, ”ਨਿੰਦਰ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹਨੇ ਲਿਖਣ ਨੂੰ ਹੀ ਆਪਣਾ ਕਿੱਤਾ ਬਣਾ ਲਿਆ ਹੈ। ਉਹ ਉਹਨਾਂ ਪਾਖੰਡੀ ਲੇਖਕਾਂ ‘ਚੋਂ ਨਹੀਂ ਜਿਹੜੇ ਕਹਿੰਦੇ ਨੇ ਕਿ ਉਹ ਲਿਖ ਕੇ ਮਾਂ-ਬੋਲੀ ਦੀ ਸੇਵਾ ਕਰ ਰਹੇ ਨੇ। ਨਿੰਦਰ ਤਾਂ ਮਾਂ-ਬੋਲੀ ਤੋਂ ਸੇਵਾ ਲੈ ਰਿਹਾ ਹੈ ਅਤੇ ਗੱਜ ਵੱਜ ਕੇ ਲੈ ਰਿਹਾ ਹੈ। ਅਤੇ ਇਹਦੇ ਵਿੱਚ ਮਿਹਣੇ ਵਾਲੀ ਕੋਈ ਗੱਲ ਈ ਨਹੀਂ। ਉਹ ਦੇਸ਼-ਵਿਦੇਸ਼ ਦੇ ਅਖ਼ਬਾਰਾਂ ‘ਚ ਕਾਲਮ ਲਿਖਣ ਦੇ ਪੈਸੇ ਲੈਂਦਾ ਹੈ। ਕਈ ਵਿਦੇਸ਼ੀ TV ਅਤੇ ਰੇਡੀਓ ਪ੍ਰੋਗਰਾਮਾਂ ਲਈ ਕੌਮੈਂਟਰੀ ਕਰਦਾ ਹੈ। ਨਾਲੇ ਵੰਝਾਂ ਦਾ ਵਪਾਰ ਨਾਲੇ ਗੰਗਾ ਦਾ ‘ਸ਼ਨਾਨ। ਉਹਦੇ ਲਈ ਸਾਹਿਤ ਵੀ ਵਸਤੂ ਹੈ। ਜੇ ਕਿਸਾਨ ਫ਼ਸਲ ਵੇਚ ਕੇ, ਕਾਰੀਗਰ ਫ਼ਰਨੀਚਰ ਬਣਾ ਕੇ, ਪੇਂਟਰ ਪੇਂਟਿੰਗ ਵੇਚ ਕੇ ਅਤੇ ਗਾਉਣ ਵਾਲਾ ਗਾ ਕੇ ਪੈਸੇ ਕਮਾ ਸਕਦਾ ਏ ਤਾਂ ਸਾਹਿਤਕਾਰ ਆਪਣੀ ਵਸਤ ਕਿਉਂ ਨਾ ਵੇਚੇ? ਨਿੰਦਰ ਦਾ ਸਾਹਿਤ ਛਪ ਵੀ ਰਿਹਾ ਏ ਅਤੇ ਵਿਕ ਵੀ ਰਿਹਾ ਏ।”
ਦਸਵੀਂ ਫ਼ੇਲ੍ਹ ਨਿੰਦਰ ਦੀਆਂ ਕਿਤਾਬਾਂ ਹੁਣ ਬੀਏ MA ਦੇ ਕੋਰਸਾਂ ‘ਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ‘ਤੇ ਐੱਮਫ਼ਿੱਲਾਂ ਅਤੇ ਪੀਐੱਚਡੀਆਂ ਹੋ ਰਹੀਆਂ ਹਨ। ਘਰਦਿਆਂ ਦੇ ਚਾਅ ਨਾਲ ਰੱਖੇ ਨਾਂ ਨਰਿੰਦਰ ਕੁਮਾਰ ਤੋਂ ਗਵੱਈਆ ਬਣ ਕੇ, ਪਹਿਲਾਂ ਉਹ ਨਰਿੰਦਰ ਨਿੰਦਾ ਬਣਿਆ ਅਤੇ ਫ਼ਿਰ ਲੇਖਕ ਬਣ ਕੇ ਨਿੰਦਰ ਘੁਗਿਆਣਵੀ ਬਣ ਗਿਆ। ਉਹਦਾ ਕੱਦ ਭਾਵੇਂ ਪੰਜ ਕੁ ਫ਼ੁੱਟ ਹੈ, ਪਰ ਉਹਦੀਆਂ ਕਿਤਾਬਾਂ ਦਾ ਕੱਦ ਉਸ ਤੋਂ ਕਿਤੇ ਵੱਧ ਹੈ। ਤੱਕੜ ਦੇ ਇੱਕ ਪਾਸੇ ਉਹ ਬੈਠਾ ਹੋਵੇ ਅਤੇ ਦੂਜੇ ਪਾਸੇ ਉਹਦੀਆਂ ਕਿਤਾਬਾਂ ਧਰੀਆਂ ਹੋਣ ਤਾਂ ਕਿਤਾਬਾਂ ਵਾਲਾ ਪਾਸਾ ਭਾਰਾ ਹੋਵੇਗਾ। 1994 ਤੋਂ 2022 ਤਕ ਪੁੱਜਦਿਆਂ ਉਹਦੀਆਂ ਕਿਤਾਬਾਂ ਦੀ ਗਿਣਤੀ ਪਚਵੰਜਾ ਹੋ ਚੁੱਕੀ ਹੈ। ਜੇ ਜਸਵੰਤ ਸਿੰਘ ਕੰਵਲ ਜਿੰਨੀ ਉਮਰ ਜੀਅ ਗਿਆ ਤਾਂ ਕੰਵਲ ਦੀਆਂ ਸੌ ਕਿਤਾਬਾਂ ਦੇ ਮੁਕਾਬਲੇ ਉਹਦੀਆਂ ਦੋ ਸੌ ਕਿਤਾਬਾਂ ਵੱਟ ‘ਤੇ ਨੇ!
1978 ਵਿੱਚ ਜਨਮੇ ਨਿੰਦਰ ਦੀ ਸਵੈ-ਜੀਵਨੀ ਮੈਂ ਸਾਂ ਜੱਜ ਦਾ ਅਰਦਲੀ ਏਨੀ ਛਪੀ, ਏਨੀ ਛਪੀ ਕਿ ਹੁਣ ਤਕ ਛਪੀ ਹੀ ਜਾ ਰਹੀ ਹੈ। 2019 ਵਿੱਚ ਉਸ ਦਾ ਨੌਵੀਂ ਐਡੀਸ਼ਨ ਛੱਅਿਾ ਸੀ ਅਤੇ 2020 ਵਿੱਚ ਦਸਵਾਂ। ਉਸ ਦੇ ਹਿੰਦੀ, ਅੰਗਰੇਜ਼ੀ, ਉਰਦੂ, ਤੇਲਗੂ, ਕੰਨੜ, ਗੁਜਰਾਤੀ, ਮਰਾਠੀ, ਮਲਿਆਲਮ, ਸਿੰਧੀ, ਮੈਥਿਲੀ, ਭੋਜਪੁਰੀ, ਬੰਗਲਾ ਅਤੇ ਉੜੀਆ ‘ਚ ਅਨੁਵਾਦ ਵੀ ਛਪੇ ਹਨ। ਸ਼ਾਹਮੁਖੀ ਵਿੱਚ ਵੀ ਛਪੀ ਹੈ ਅਤੇ ਉਸ ‘ਤੇ ਰੇਡੀਓ ਰੁਪਾਂਤਰ ਅਤੇ ਲਘੂ ਫ਼ਿਲਮ ਵੀ ਬਣ ਚੱਕੀ ਹੈ। ਫ਼ਰੀਦਕੋਟ ਵਾਲੇ ਜੱਜ ਦੀ ਰਹਾਇਸ਼ ਵਾਲੀ ਲਾਲ ਕੋਠੀ ਭਾਵੇਂ ਹੁਣ ਬੇਆਬਾਦ ਹੋਈ ਪਈ ਹੈ, ਪਰ ਨਿੰਦਰ ਘੁਗਿਆਣਵੀ ਨੇ ਮੈਂ ਸਾਂ ਜੱਜ ਦਾ ਅਰਦਲੀ ਲਿਖ ਕੇ ਉਸ ਨੂੰ ਸਦਾ ਲਈ ਆਬਾਦ ਕਰ ਦਿੱਤਾ ਹੈ।
ਉਹ ਲੇਖਕ, ਪੱਤਰਕਾਰ, ਕਾਲਮਨਵੀਸ, ਰੇਡੀਓਕਾਰ ਅਤੇ ਤੂੰਬੀਕਾਰ, ਫ਼ਾਈਵ ਇਨ ਵਨ ਹੈ। ਲੋਹੜੇ ਦਾ ਮਿਲਾਪੜਾ ਹੈ ਅਤੇ ਮਾੜਾ ਮੋਟਾ ਟੁੱਟ-ਪੈਣਾ ਵੀ। ਨਾ ਰੁੱਸਦੇ ਦਾ ਪਤਾ ਲੱਗਦੈ ਨਾ ਮੰਨਦੇ ਦਾ। ਫ਼ੋਨ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢਦੈ, ਘਿਆਕੋ ਬਿੱਲੀਆਂ ਬੁਲਾਉਂਦੈ ਅਤੇ ਜਣੇ ਖਣੇ ਦੀਆਂ ਸਾਂਗਾਂ ਲਾਉਂਦੈ। ਵਿੱਚੇ ਗੁਰਬਚਨ ਭੁੱਲਰ ਦੀਆਂ, ਵਿੱਚੇ ਹਰਭਜਨ ਹੁੰਦਲ ਦੀਆਂ, ਵਿੱਚੇ ਮੇਰੀਆਂ, ਵਿੱਚੇ ਕਿਰਪਾਲ ਕਜਾਕ ਦੀਆਂ ਅਤੇ ਵਿੱਚੇ ਫ਼ਿਲਹਾਲ ਵਾਲੇ ਗੁਰਬਚਨ ਦੀਆਂ। ਦੇਸ ਪ੍ਰਦੇਸ ਗਾਹੁਣ ਵਾਲੇ ਗੁਰਬਚਨ ਵਰਗੇ ਵੀ ਪਛਾਣ ਨਹੀਂ ਸਕਦੇ ਕਿ ਨਿੰਦਰ ਉਹਦਾ ਮਜ਼ਾਕ ਉਡਾ ਰਿਹੈ!
ਆਹ ਪੁਸਤਕ ਉਹਦੀ ਵਾਰਤਕ ਰਚਨਾ ਬਾਰੇ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਸਤਤ ਵੱਧ ਹੈ, ਮੀਨਮੇਖ ਘੱਟ। ਦੋ ਦਰਜਨ ਦੇ ਕਰੀਬ ਨਾਮਵਰ ਲੇਖਕਾਂ ਅਤੇ ਆਲੋਚਕਾਂ ਨੇ ਸਮੇਂ ਸਮੇਂ ਉਹਦੀ ਸ਼ਖ਼ਸੀਅਤ, ਉਹਦੀਆਂ ਕਿਤਾਬਾਂ ਅਤੇ ਉਹਦੀ ਵਾਰਤਕ ਬਾਰੇ ਨਿੱਕੇ ਵੱਡੇ ਲੇਖ ਲਿਖੇ ਸਨ। ਦਰਜਨ ਤੋਂ ਵੱਧ ਲੇਖਕਾਂ ਨੇ ਨਵੇਂ ਨਕੋਰ ਲੇਖ ਵੀ ਲਿਖੇ। ਇਉਂ ਇਹ ਨਵੀਆਂ ਅਤੇ ਪੁਰਾਣੀਆਂ ਲਿਖਤਾਂ ਦਾ ਵੰਨ-ਸੁਵੰਨਾ ਗੁਲਦਸਤਾ ਹੈ ਜਿਸ ‘ਚੋਂ ਨਿੰਦਰ ਘੁਗਿਆਣਵੀ ਦੇ ਸੰਘਰਸ਼ਮਈ ਜੀਵਨ, ਉਸ ਦੀਆਂ ਪੁਸਤਕਾਂ ਅਤੇ ਉਹਦੀ ਬਹੁਰੰਗੀ ਵਾਰਤਕ ਸ਼ੈਲੀ ਦੀ ਟਹਿਕ ਅਤੇ ਮਹਿਕ ਮਾਣੀ ਜਾ ਸਕਦੀ ਹੈ। 260 ਪੰਨਿਆਂ ਦੀ ਇਹ ਪੁਸਤਕ ਲੋਕਗੀਤ ਪ੍ਰਕਾਸ਼ਨ ਨੇ ਛਾਪੀ ਹੈ ਜਿਨ੍ਹਾਂ ਦਾ ਫ਼ੋਨ +91-172-5027427, 5027429 ਹੈ।
pirnicpalsarwanisngh@gmail.com