ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲੌਂਡਰਿੰਗ ਮਾਮਲੇ ‘ਚ ਤੀਜੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਦੌਰਾਨ ਜੇਲ੍ਹ ‘ਚ ਬੰਦ ਸੁਕੇਸ਼ ਨੇ ਅਭਿਨੇਤਰੀ ਨੋਰਾ ਫ਼ਤੇਹੀ ਅਤੇ ਜੈਕਲੀਨ ਫ਼ਰਨੈਂਡੀਜ਼ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਇੱਕ ਚਿੱਠੀ ਲਿਖੀ ਹੈ।
ਚਿੱਠੀ ‘ਚ ਉਸ ਨੇ ਦਾਅਵਾ ਕੀਤਾ ਹੈ ਕਿ ਨੋਰਾ ਫ਼ਤੇਹੀ ਨੇ ਆਰਥਿਕ ਅਪਰਾਧ ਬਿਊਰੋ ਦੇ ਸਾਹਮਣੇ ਆਪਣਾ ਬਿਆਨ ਬਦਲ ਲਿਆ ਸੀ। ਨੋਰਾ ਚਾਹੁੰਦੀ ਸੀ ਕਿ ਮੈਂ ਜੈਕਲੀਨ ਨੂੰ ਛੱਡ ਦੇਵਾਂ। ਮੇਰੇ ਮਨ੍ਹਾ ਕਰਨ ‘ਤੇ ਵੀ ਨੋਰਾ ਫ਼ਤੇਹੀ ਮੈਨੂੰ ਪਰੇਸ਼ਾਨ ਕਰਦੀ ਰਹੀ। ਜੈਕਲੀਨ ਅਤੇ ਮੈਂ ਗੰਭੀਰ ਰਿਸ਼ਤੇ ‘ਚ ਸੀ। ਇਹੀ ਕਾਰਨ ਹੈ ਕਿ ਨੋਰਾ ਜੈਕਲੀਨ ਨਾਲ ਈਰਖਾ ਕਰਦੀ ਸੀ। ਉਹ ਮੈਨੂੰ ਜੈਕਲੀਨ ਬਾਰੇ ਉਕਸਾਉਂਦੀ ਸੀ। ਮੇਰਾ ਬ੍ਰੇਨਵਾਸ਼ ਕਰਦੀ ਸੀ। ਸੁਕੇਸ਼ ਨੇ ਅੱਗੇ ਲਿਖਿਆ ਕਿ ਨਿੱਕੀ ਤੰਬੋਲੀ ਅਤੇ ਚਾਹਤ ਖੰਨਾ ਸਿਰਫ਼ ਪੇਸ਼ੇਵਰ ਸਹਿਯੋਗੀ ਸਨ। ਉਹ ਮੇਰੇ ਪ੍ਰੋਡਕਸ਼ਨ ‘ਚ ਕੰਮ ਕਰਨ ਵਾਲੇ ਸਨ।”
ਦੱਸ ਦਈਏ ਕਿ ਜੈਕਲੀਨ ਫ਼ਰਨੈਂਡੀਜ਼ ਖ਼ਿਲਾਫ਼ ਨੋਰਾ ਫ਼ਤੇਹੀ ਦੀ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ‘ਤੇ ਰਾਸ਼ਟਰੀ ਰਾਜਧਾਨੀ ਦੀ ਇੱਕ ਅਦਾਲਤ 25 ਮਾਰਚ ਨੂੰ ਸੁਣਵਾਈ ਕਰੇਗੀ। ਬੌਲੀਵੁਡ ਅਦਾਕਾਰਾ ਨੋਰਾ ਫ਼ਤੇਹੀ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲੌਂਡਰਿੰਗ ਮਾਮਲੇ ‘ਚ ਨਾਂ ਗ਼ਲਤ ਤਰੀਕੇ ਨਾਲ ਘਸੀਟਣ ‘ਤੇ ਜੈਕਲੀਨ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਨੋਰਾ ਫ਼ਤੇਹੀ ਨੇ ਆਪਣੀ ਸ਼ਿਕਾਇਤ ਵਿੱਚ 15 ਮੀਡੀਆ ਅਦਾਰਿਆਂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਨੋਰਾ ਫ਼ਤੇਹੀ ਦੇ ਵਕੀਲ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਅੱਜ ਹੋਣੀ ਸੀ ਪਰ ਜੱਜ ਨਿਆਂਇਕ ਸਿਖਲਾਈ ਲਈ ਛੁੱਟੀ ‘ਤੇ ਸਨ, ਇਸ ਲਈ ਸੁਣਵਾਈ ਮੁਲਤਵੀ ਕਰਨੀ ਪਈ। ਸ਼ਿਕਾਇਤ ‘ਚ ਦਾਅਵਾ ਕੀਤਾ ਗਿਆ ਹੈ ਕਿ ਜੈਕਲੀਨ ਫ਼ਰਨੈਂਡੀਜ਼ ਨੇ ਕਿਹਾ ਹੈ ਕਿ ਨੋਰਾ ਫ਼ਤੇਹੀ ਨੂੰ ਚੰਦਰਸ਼ੇਖਰ ਤੋਂ ਤੋਹਫ਼ੇ ਮਿਲੇ ਸਨ।