”Stone walls do not a prison make, nor iron bars a cage, ”ਭਾਵ ਪੱਥਰ ਦੀਆਂ ਦੀਵਾਰਾਂ ਜੇਲ੍ਹ ਨਹੀਂ ਬਣਦੀਆਂ, ਅਤੇ ਨਾ ਹੀ ਲੋਹੇ ਦੀਆਂ ਸਲਾਖ਼ਾਂ ਪਿੰਜਰਾ। ਅਜਿਹਾ ਕਹਿਣਾ ਸੀ 17ਵੀਂ ਸਦੀ ਦੇ ਬੇਪਰਵਾਹ ਸ਼ਾਇਰ ਰਿਚਰਡ ਲੱਵਲੇਸ ਦਾ। ਕੀ ਉਹ ਸਹੀ ਸੀ? ਵੈਸੇ, ਇਹ ਪੱਥਰ ਅਤੇ ਸਲਾਖ਼ਾਂ ਮਿਲ ਕੇ ਇੱਕ ਜੇਲ੍ਹ ਦਾ ਭੁਲੇਖਾ ਪਾ ਸਕਦੇ ਨੇ, ਖ਼ਾਸਕਰ ਜੇ ਤੁਸੀਂ ਉਨ੍ਹਾਂ ਦੇ ਪਿੱਛੇ ਕੈਦ ਹੋਵੋ। ਕਵੀ ਦੇ, ਦਰਅਸਲ, ਕਹਿਣ ਤੋਂ ਮੁਰਾਦ ਇਹ ਸੀ ਕਿ ਬਾਹਰੀ ਰੋਕਾਂ ਕਿਸੇ ਅਜਿਹੇ ਵਿਅਕਤੀ ਨੂੰ ਕੈਦੀ ਨਹੀਂ ਬਣਾ ਸਕਦੀਆਂ ਜਿਸ ਦੀ ਰੂਹ ਅਤੇ ਜਿਸ ਦੇ ਵਿਚਾਰ ਆਜ਼ਾਦ ਹੋਣ। ਅਜਿਹੀਆਂ ਰੋਕਾਂ ਉਨ੍ਹਾਂ ਮਾਨਸਿਕ ਅਤੇ ਭਾਵਾਨਾਤਮਕ ਪਾਬੰਦੀਆਂ ਦੇ ਸਾਹਮਣੇ ਕੁੱਝ ਵੀ ਨਹੀਂ ਜਿਹੜੀਆਂ ਅਸੀਂ ਖ਼ੁਦ ਉੱਪਰ ਸਮੇਂ-ਸਮੇਂ ‘ਤੇ ਲਾਗੂ ਕਰਦੇ ਹਾਂ। ਇਹ ਵੇਲਾ ਹੈ ਉਸ ਬਕਸੇ ਨੂੰ ਤੋੜ ਕੇ ਬਾਹਰ ਨਿਕਲਣ ਦਾ ਜਿਸ ਵਿੱਚ ਤੁਸੀਂ ਫ਼ਸੇ ਹੋਏ ਹੋ। ਤੁਹਾਨੂੰ ਕਿਹੜੀ ਸ਼ੈਅ ਫ਼ੱਸਿਆ ਹੋਇਆ ਮਹਿਸੂਸ ਕਰਵਾ ਰਹੀ ਹੈ? ਮੁਕਤ ਹੋਣ ਦਾ ਇੱਕ ਤਰੀਕਾ ਸੱਚਮੁੱਚ ਮੌਜੂਦ ਹੈ … ਜੇਕਰ ਤੁਸੀਂ ਵਾਕਈ ਅਜਿਹਾ ਚਾਹੁੰਦੇ ਹੋ।
ਜੇਕਰ ਤੁਸੀਂ ਉਸ ਤੋਂ ਖ਼ੁਸ਼ ਹੋਵੋ ਜਿੱਥੇ ਤੁਸੀਂ ਹੋ, ਕੀ ਤੁਹਾਨੂੰ ਫ਼ਿਰ ਵੀ ਉਸ ਨੂੰ ਛੱਡ ਕੇ ਅੱਗੇ ਵੱਧ ਜਾਣਾ ਚਾਹੀਦੈ? ਕੀ ਤੁਹਾਨੂੰ ਉਸ ਵਕਤ ਲੜਨਾ ਚਾਹੀਦੈ ਜਦੋਂ ਤੁਸੀਂ ਸਮੱਰਪਣ ਕਰਨ ਨੂੰ ਤਰਜੀਹ ਦੇ ਰਹੇ ਹੋਵੋ? ਫ਼ਿਰ ਅਜਿਹਾ ਕਿਓਂ ਮਹਿਸੂਸ ਕਰਨਾ ਕਿ ਤੁਹਾਨੂੰ ਕੁੱਝ ਕਰਨ ਦੀ ਲੋੜ ਹੈ ਜਦੋਂ ਕੁੱਝ ਨਾ ਕਰਨਾ ਹੀ ਕਰਨ ਵਾਲੀ ਸਭ ਤੋਂ ਸਹੀ ਗੱਲ ਹੋਵੇ? ਤੁਸੀਂ ਹਾਲ ਹੀ ‘ਚ ਵਾਹਵਾ ਰਫ਼ਤਾਰ ਫ਼ੜੀ ਹੈ। ਤੁਸੀਂ ਉਸ ਨੂੰ ਗੁਆਓਗੇ ਨਹੀਂ ਜੇ ਤੁਸੀਂ ਇੰਨਾ ਜ਼ਿਆਦਾ ਜ਼ੋਰ ਲਗਾਉਣਾ ਬੰਦ ਵੀ ਕਰ ਦੇਵੋ ਤਾਂ। ਸੱਚਮੁੱਚ, ਤੁਸੀਂ ਥੋੜ੍ਹਾ ਸਾਹ ਲੈਣ ਦੇ ਮੌਕੇ ਦਾ ਫ਼ਾਇਦਾ ਉਠਾ ਸਕਦੇ ਹੋ, ਇਹ ਚੈੱਕ ਕਰ ਕੇ ਕਿ ਤਬਦੀਲੀ ਕਿਸ ਹੱਦ ਤਕ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਉਸ ਯੋਜਨਾ ਨੂੰ ਲੋੜ ਅਨੁਸਾਰ ਐਡਜਸਟ ਕਰ ਕੇ ਜਿਸ ਦੀ ਤੁਸੀਂ ਹੁਣ ਤਕ ਪਾਲਣਾ ਕਰਦੇ ਆਏ ਹੋ। ਹੋ ਸਕਦੈ ਉਸ ਸਭ ਨੂੰ ਹਾਸਿਲ ਕਰਨ ‘ਚ ਓਨਾ ਜ਼ਿਆਦਾ ਜ਼ੋਰ ਨਾ ਲੱਗੇ ਜਿੰਨਾ ਪ੍ਰਾਪਤ ਕਰਨ ਦੀ ਤੁਸੀਂ ਉਮੀਦ ਲਗਾਈ ਬੈਠੇ ਹੋ।
ਇੱਕ ਸਿਆਸਤਦਾਨ ਹੋਣਾ ਬੜਾ ਚੰਗਾ ਅਨੁਭਵ ਹੁੰਦਾ ਹੋਵੇਗਾ। ਜਦੋਂ ਬਾਕੀ ਦੇ ਸਾਨੂੰ ਸਾਰਿਆਂ ਨੂੰ ਅਨਿਸ਼ਚਿਤਤਾਵਾਂ ਨਾਲ ਜੂਝਣਾ ਪੈਂਦੈ, ਅਜਿਹੇ ਲੋਕਾਂ ਨੂੰ ਕਦੇ ਵੀ ਗ਼ਲਤੀ ਕਰਨ ਦੀ ਸੰਭਾਵਨਾ ਬਾਰੇ ਚਿੰਤਾ ਤਕ ਕਰਨ ਦੀ ਲੋੜ ਨਹੀਂ ਪੈਂਦੀ। ਸਿਆਸਤਦਾਨ ਕਦੇ ਵੀ ਕੋਈ ਗ਼ਲਤ ਕਦਮ ਨਹੀਂ ਉਠਾਉਂਦੇ। ਉਨ੍ਹਾਂ ਦੀਆਂ ਨੀਤੀਆਂ ਸੰਪੂਰਨ ਹੁੰਦੀਆਂ ਹਨ। ਇਹੀ ਗੱਲ ਪਾਦਰੀਆਂ, ਪੰਡਤਾਂ, ਮੌਲਵੀਆਂ, ਆਦਿ ‘ਤੇ ਵੀ ਸਹੀ ਢੁੱਕਦੀ ਹੈ। ਰੱਬ ਉਨ੍ਹਾਂ ਵੱਲ ਹੁੰਦੈ – ਅਤੇ ਉਹ ਵੀ ਕੋਈ ਐਰਾ-ਗੈਰਾ ਰੱਬ ਨਹੀਂ ਜਿਸ ਦੀ ਪੂਜਾ-ਅਰਚਨਾ ਦੂਜੇ ਲੋਕ ਕਰਦੇ ਹੋਣਗੇ, ਪਰ ਅਸਲੀ, ਠੀਕ-ਠਾਕ ਵਾਲਾ ਰੱਬ। ਗ਼ੁਸਤਾਖ਼ੀ ਦੇ ਚੱਕਰਵਿਊ ‘ਚ ਨਾ ਫ਼ਸਿਓ। ਆਪਣੀਆਂ ਪੁਰਾਣੀਆਂ ਗ਼ਲਤੀਆਂ ਨੂੰ ਕਬੂਲ ਕਰੋ, ਅਤੇ ਤੁਸੀਂ ਨਾ ਸਿਰਫ਼ ਇੱਕ ਹੋਰ ਤਾਜ਼ਾ ਗ਼ਲਤੀ ਕਰਨੋਂ ਬੱਚ ਜਾਓਗੇ ਸਗੋਂ ਤੁਸੀਂ ਇੱਕ ਵੱਡੀ ਸਫ਼ਲਤਾ ਦੇ ਰਾਹ ‘ਤੇ ਹੋਵੋਗੇ।
ਕਈ ਪੱਛਮੀ ਸਭਿਆਤਾਵਾਂ, ਅਤੇ ਕੁੱਝ ਪੂਰਬੀ ਵੀ, ਦੇ ਵਿਆਹਾਂ ਦੀਆਂ ਰਸਮਾਂ ‘ਚ ਉਹ ਇਹ ਕਿਓਂ ਕਹਿੰਦੇ ਨੇ – ਜਦੋਂ ਤਕ ਮੌਤ ਸਾਨੂੰ ਜੁਦਾ ਨਹੀਂ ਕਰਦੀ, ਅਸੀਂ ਇਕੱਠੇ ਰਹਾਂਗੇ? ਉਹ ਇੱਥੇ ਹੀ ਲਕੀਰ ਕਿਓਂ ਖਿੱਚ ਦਿੰਦੇ ਨੇ? ਉਹ ਪੁਨਰ ਜਨਮ ਬਾਰੇ ਕੋਈ ਕਾਨੂੰਨ ਕਿਓਂ ਨਹੀਂ ਬਣਾਉਂਦੇ? ਜੇ, ਜਿਵੇਂ ਕਈਆਂ ਦਾ ਵਿਸ਼ਵਾਸ ਹੈ, ਅਸੀਂ ਸੱਚਮੁੱਚ ਇੱਥੇ ਬਾਰ-ਬਾਰ ਵਾਪਿਸ ਆਉਂਦੇ ਰਹਿੰਦੇ ਹਾਂ, ਸਾਡੇ ਕੋਲ ਅਣਜਾਣੇ ‘ਚ ਬਹੁਤ ਸਾਰੇ ਜਨਮ-ਸਾਥੀਆਂ ਦਾ ਢੇਰ ਲੱਗ ਸਕਦੈ! ਇੱਕ ਮਹੱਤਵਪੂਰਨ ਨਿੱਜੀ ਰਿਸ਼ਤਾ ਇਸ ਵਕਤ ਉਸ ‘ਚੋਂ ਲੰਘ ਰਿਹੈ ਜਿਸ ਨੂੰ ਅਸੀਂ ਇੱਕ ਚੁਣੌਤੀ ਭਰਪੂਰ ਪੜਾਅ ਕਹਿ ਸਕਦੇ ਹਾਂ। ਆਸਮਾਨ ਜ਼ੋਰ ਦੇ ਕੇ ਕਹਿ ਰਿਹੈ ਕਿ ਸੁਧਾਰ ਬਹੁਤ ਕਰੀਬ ਹੈ, ਬਾਵਜੂਦ ਚਲੰਤ ਤਨਾਅ ਦੇ।
ਸਾਡੇ ਅੰਦਰਲਾ ਬੱਚਾ ਸਾਡੇ ਨਿੱਜ ਦਾ ਉਹ ਹਿੱਸਾ ਹੈ ਜਿਹੜਾ ਸਾਡੇ ਸਭਨਾਂ ਦੇ ਅੰਦਰ ਉਸ ਵਕਤ ਤੋਂ ਰਹਿ ਰਿਹਾ ਹੈ ਜਦੋਂ ਅਸੀਂ ਕੁੱਖ ‘ਚ ਪਲਣਾ ਸ਼ੁਰੂ ਕੀਤਾ ਸੀ। ਮਨੋਵਿਗਿਆਨੀ ਵੀ ਅਕਸਰ ਸਾਨੂੰ ਆਪਣੇ ਅੰਦਰਲੇ ਬੱਚੇ ਨਾਲ ਸਬੰਧ ਸਥਾਪਿਤ ਕਰਨ ਦੀ ਸਲਾਹ ਦਿੰਦੇ ਰਹਿੰਦੇ ਹਨ। ਇਹ ਕੋਈ ਐਡੀ ਮਾੜੀ ਗੱਲ ਵੀ ਨਹੀਂ। ਇਹ ਜ਼ਰੂਰੀ ਨਹੀਂ ਕਿ ਤੁਹਾਡੇ ਅੰਦਰਲਾ ਬੱਚਾ ਕੋਈ ਚਿੜਚਿੜਾ ਬੱਚਾ ਹੋਵੇਗਾ ਜਿਹੜਾ ਬਿਨਾ ਵਜ੍ਹਾ ਚੀਖ-ਚਿਹਾੜਾ ਪਾਉਂਦਾ ਰਹੇਗਾ। ਹੋ ਸਕਦੈ ਉਹ ਚੌੜੀਆਂ ਅੱਖਾਂ ਵਾਲਾ ਇੱਕ ਅਜਿਹਾ ਪ੍ਰਾਣੀ ਹੋਵੇ ਜਿਹੜਾ ਸਿਰਫ਼ ਮਾਸੂਮੀਅਤ ਅਤੇ ਸਰਲਤਾ ਦਾ ਇੱਕ ਮੁਜੱਸਮਾ ਹੈ; ਖੁਲ੍ਹਦਿਲਾ, ਦੂਸਰਿਆਂ ‘ਤੇ ਭਰੋਸਾ ਕਰਨ ਵਾਲਾ, ਹਰ ਇੱਕ ‘ਚ ਇੱਕ ਚੰਗਾ ਬੰਦਾ ਦੇਖਣ ਲਈ ਹਮੇਸ਼ਾ ਤਿਆਰ। ਤੁਹਾਡੇ ਅੰਦਰਲਾ ਬੱਚਾ ਕੇਵਲ ਮਜ਼ਾ ਕਰਨਾ ਅਤੇ ਹਰ ਪਲ ਦਾ ਆਨੰਦ ਮਾਣਨਾ ਚਾਹੁੰਦਾ ਹੋ ਸਕਦੈ ਜਿਵੇਂ ਤੁਸੀਂ ਇਸ ਸੰਸਾਰ ਨੂੰ ਬਿਲਕੁਲ ਪਹਿਲੀ ਵਾਰ ਦੇਖ ਰਹੇ ਹੋਵੋ। ਤੁਹਾਡੇ ਆਲੇ-ਦੁਆਲੇ, ਬਾਲਗਾਂ ਦੇ ਰਵੱਈਏ ਵਾਲਾ ਕੋਈ ਵਿਅਕਤੀ ਜਾਦੂ ਨੂੰ ਦੂਰ ਭਜਾ ਰਿਹੈ। ਪਰ ਖੁਲ੍ਹਦਿਲੇ ਬਣ ਕੇ ਤੁਸੀਂ ਉਸ ਨੂੰ ਵਾਪਿਸ ਹਾਸਿਲ ਕਰ ਸਕਦੇ ਹੋ।