ਰੇਡੀਓ ਦੀਆਂ ਯਾਦਾਂ – 38
ਡਾ.ਦੇਵਿੰਦਰ ਮਹਿੰਦਰੂ
26 ਜਨਵਰੀ ਭਾਰਤ ਦੇ ਇਤਿਹਾਸ ‘ਚ ਇੱਕ ਮਾਣ ਕਰਨ ਵਾਲਾ ਦਿਨ ਹੈ ਅਤੇ ਰੇਡੀਓ ਲਈ ਇੱਕ ਮਹੱਤਵਪੂਰਨ ਦਿਨ। ਮੇਰੇ ਲਈ ਹੋਰ ਵੀ ਮਹੱਤਵਪੂਰਨ ਕਿਉਂਕਿ ਜਨਮ ਦਿਨ ਹੈ ਇਸ ਦਿਨ ਮੇਰਾ। ਸੌਖਾ ਰਹਿੰਦੈ ਯਾਦ ਰੱਖਣਾ ਦੋਸਤਾਂ ਲਈ ਇਹ ਦਿਨ। ਇਹ ਛੁੱਟੀ ਵਾਲਾ ਦਿਨ ਹੁੰਦਾ ਸੀ, ਬੇਸ਼ੱਕ ਪ੍ਰੋਗਰਾਮ ਵਾਲਿਆਂ ਨੂੰ ਨਾ ਸਿਰਫ਼ ਦਫ਼ਤਰ ਜਾਣਾ ਪੈਂਦਾ ਸੀ ਉਸ ਦਿਨ ਸਗੋਂ ਕੰਮ ਵੀ ਜ਼ਿਆਦਾ ਕਰਨਾ ਪੈਂਦਾ ਸੀ। ਜਨਮ ਦਿਨ ਵੀ ਦਫ਼ਤਰ ‘ਚ ਹੀ ਮਨਾਇਆ ਜਾਂਦਾ ਸੀ। ਖਾਂਦੇ ਪੀਂਦੇ, ਹੱਸਦੇ ਖੇਡਦੇ ਕੰਮ ਦਾ ਵੀ ਪਤਾ ਨਹੀਂ ਸੀ ਲੱਗਦਾ।
ਚੇਤੇ ਹੈ ਕਿ ਜਦੋਂ ਮੈਂ ਸ਼੍ਰੀਨਗਰ ਦੂਰਦਰਸ਼ਨ ਤੋਂ ਆਪ ਬਦਲੀ ਕਰਵਾ ਕੇ ਰੇਡੀਓ ਸਟੇਸ਼ਨ ਜਲੰਧਰ ਆਈ ਤਾਂ ਉਸ ਪਿੱਛੇ ਸਿਰਫ਼ ਇੱਕ ਮਕਸਦ ਸੀ ਕਿ ਮਾਂ ਪਿਓ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਦੂਰ ਹੋਣ ਕਰ ਕੇ ਪਿਤਾ ਜੀ ਉਥੇ ਮੇਰੇ ਨਾਲ ਹੀ ਰਹਿ ਰਹੇ ਸਨ। ਮਾਂ ਪਿੰਡ ਇਕੱਲੀ ਰਹਿੰਦੀ ਸੀ। ਜਲੰਧਰ ਮੈਂ ਇਕੱਲੀ ਰਹਿ ਸਕਦੀ ਸੀ, ਅਤੇ ਓਥੋਂ ਹਰ ਹਫ਼ਤੇ ਮਾਂ-ਪਿਓ ਕੋਲ ਪਿੰਡ ਜਾ ਸਕਦੀ ਸੀ। ਇਹ ਸਮੱਸਿਆ ਨਾ ਹੁੰਦੀ ਤਾਂ ਮੈਂ ਸ਼੍ਰੀਨਗਰ ਤੋਂ ਕਦੇ ਬਦਲੀ ਨਾ ਕਰਵਾਉਂਦੀ।
ਜਲੰਧਰ ਆਈ, ਜੋਆਇਨ ਕੀਤਾ ਅਤੇ ਦੇਖਿਆ ਕਿ ਰੇਡੀਓ ਦੀ ਲਾਇਬ੍ਰੇਰੀ ਬਹੁਤ ਹੀ ਬੁਰੀ ਹਾਲਤ ‘ਚ ਸੀ। ਰਿਕਾਰਡਿੰਗ ਵਾਲੀਆਂ ਟੇਪਾਂ ਪੂਰੀਆਂ ਨਹੀਂ ਸਨ। ਪਤਾ ਨਹੀਂ ਕੀਹਨੇ, ਕੀਹਨੂੰ ਦੇ ਦਿੱਤੀਆਂ ਸਨ ਚੁੱਕ ਕੇ। ਗਰਾਮੋਫ਼ੋਨ ਰਿਕਾਰਡ ਨਵੀਆਂ ਨਵੀਆਂ ਫ਼ਿਲਮਾਂ ਦੇ ਗੀਤਾਂ ਨਾਲ ਭਰੇ ਕਿਸੇ ਵੀ ਡਿਸਟੀਬਿਊਟਰ ਤੋਂ ਲੈ ਕੇ ਰੇਡੀਓ ਤੋਂ ਵਜਾਏ ਜਾ ਰਹੇ ਸਨ ਜੋ ਇੱਕ ਵੱਡਾ ਅਪਰਾਧ ਸੀ। ਸਪੱਸ਼ਟ ਸੀ ਕਿ ਰਿਸ਼ਵਤ ਲਈ ਜਾ ਰਹੀ ਸੀ। ਡਿਸਟਰੀਬਿਊਟਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਦੀਆਂ ਫ਼ਿਲਮਾਂ ਦੇ ਗੀਤ ਰੇਡੀਓ ਤੋਂ ਪ੍ਰਸਾਰਿਤ ਕਰ ਕੇ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਸੀ। ਕਿਤਾਬਾਂ ਦੀ ਲਾਇਬ੍ਰੇਰੀ ਦਾ ਹਾਲ ਹੋਰ ਵੀ ਮਾੜਾ ਸੀ। ਰਾਈਟ ਔਫ਼ ਕੀਤੀਆਂ ਹੋਈਆਂ ਕਿਤਾਬਾਂ ਉੱਥੇ ਹੀ ਇੱਕ ਕਮਰੇ ‘ਚ ਸੁੱਟੀਆਂ ਪਈਆਂ ਸਨ। ਉਨ੍ਹਾਂ ‘ਚੋਂ ਕੁਝ ਪੜ੍ਹਨ ਯੋਗ ਲੱਭਦਿਆਂ ਇੱਕ ਦਿਨ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਸੰਸਕਰਣ ਮਿਲਿਆ, ਇੰਨੀ ਬੇਅਦਬੀ? ਆਪਣੀ ਚੁੰਨੀ ਨਾਲ ਪੂੰਝ ਕੇ ਧੂੜ ਮਿੱਟੀ ਸਾਫ਼ ਕਰ ਕੇ ਪੂਰੇ ਅਦਬ ਨਾਲ ਘਰ ਲੈ ਗਈ।
ਰੁਮਾਲੇ ‘ਚ ਲਪੇਟ ਕੇ ਉੱਚੇ ਸਥਾਨ ‘ਤੇ ਸੁਸ਼ੋਭਿਤ ਕੀਤਾ ਅਤੇ ਰੋਜ਼ਾਨਾ ਪਾਠ ਕਰਨਾ ਆਰੰਭ ਕਰ ਦਿੱਤਾ। ਮੈਂ ਚਾਰਜ ਲੈਣਾ ਸੀ। ਮੈਨੂੰ ਸੋਹਣ ਸਿੰਘ ਮੀਸ਼ਾ ਹੁਰਾਂ ਸਚੇਤ ਕੀਤਾ ਕਿ ਮੈਂ ਧਿਆਨ ਨਾਲ, ਨਿਰਖ ਪਰਖ ਕੇ ਹੀ ਦਸਤਖ਼ਤ ਕਰਾਂ। ਮੀਸ਼ਾ ਜੀ ਨੇ ਹਮੇਸ਼ਾ ਮੈਨੂੰ ਰਸਤਾ ਦਿਖਾਇਆ। ਜਿੰਨ੍ਹਾਂ ਤੋਂ ਚਾਰਜ ਲੈਣਾ ਸੀ ਉਨ੍ਹਾਂ ਨੇ ਸੋਚਿਆ ਸੀ ਮੈਂ ਚੁੱਪਚਾਪ ਦਸਤਖ਼ਤ ਕਰ ਦੇਵਾਂਗੀ ਅਤੇ ਸਾਰੇ ਘਪਲੇ ਲੁਕ ਛੁਪ ਜਾਣਗੇ। ਇੱਥੇ ਵੀ ਸਾਡੇ ਐੱਸ.ਐੱਨ.ਕਪੂਰ ਹੀ ਆਣ ਟੱਕਰੇ। ਐਨਕੁਆਇਰੀ ਬਿਠਾ ਦਿੱਤੀ ਗਈ। ਐਨਕੁਆਇਰੀ ਅਫ਼ਸਰ ਦਫ਼ਤਰ ਦੇ ਹੀ ਔਡੀਐਂਸ ਰੀਸਰਚ ਅਫ਼ਸਰ ਬਣੇ, ਨਾਂ ਸੀ ਡਾਕਟਰ ਜੈਨ। ਜੈਨ ਸਾਹਿਬ ਦੇ ਬੱਚਿਆਂ ਦੀ ਉਮਰ ਦੀ ਸੀ ਮੈਂ, ਪਰ ਉਨ੍ਹਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਹਾਇਕ ਕੇਂਦਰ ਨਿਰਦੇਸ਼ਕ ਭਾਟੀਆ ਸਾਹਿਬ ਕਪੂਰ ਸਾਹਿਬ ਦੇ ਦੋਸਤ ਸਨ। ਮੇਰੀ ਗੱਲ ਕੀਹਨੇ ਸੁਣਨੀ ਸੀ? ਰੱਬ ਰੱਬ ਕਰ ਕੇ ਐਨਕੁਆਇਰੀ ਖ਼ਤਮ ਹੋਈ। ਕਿਸੇ ਦਾ ਕੁਝ ਨਹੀਂ ਵਿਗੜਿਆ, ਪਰ ਮੇਰੇ ਦੁਸ਼ਮਣ ਜ਼ਰੂਰ ਪੈਦਾ ਹੋ ਗਏ। ਇਹ ਸਿਲਸਿਲਾ ਕੁਝ ਦੇਰ ਚੱਲਦਾ ਰਿਹਾ। ਫ਼ੇਰ ਸਟੇਸ਼ਨ ਡਾਇਰੈਕਟਰ ਦੇ ਆਉਣ ਤੋਂ ਬਾਅਦ ਸਥਿਤੀ ਠੀਕ ਹੋਣੀ ਸ਼ੁਰੂ ਹੋਈ। ਕੈਸਰ ਕਲੰਦਰ ਸਾਹਿਬ ਉਰਦੂ ਅਤੇ ਕਸ਼ਮੀਰੀ ਦੇ ਮੰਨੇ ਪਰਮੰਨੇ ਕਵੀ ਸਨ। ਆਪਣੇ ਪਿਛਲੀਆਂ ਲਿਖਤਾਂ ‘ਚ ਉਨ੍ਹਾਂ ਬਾਰੇ ਵਿਸਥਾਰ ਨਾਲ ਲਿਖ ਚੁੱਕੀ ਹਾਂ।
ਕੁੜੀਆਂ ਲਈ ਘਰੋਂ ਬਾਹਰ ਨਿਕਲ ਕੇ ਕੰਮ ਕਰਨਾ ਇੰਨਾ ਆਸਾਨ ਨਹੀਂ ਹੁੰਦਾ। ਸਾਰੀ ਦੁਨੀਆਂ ਮਾੜੀ ਵੀ ਨਹੀਂ ਹੁੰਦੀ। ਚੰਗੇ ਬੰਦੇ ਹਰ ਥਾਂ ‘ਤੇ ਮਿਲ ਜਾਂਦੇ ਹਨ। ਆਪਣੇ ਵਿਵੇਕ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ ਬੱਸ। ਬੰਗਲੌਰ ਤੋਂ ਆਏ ਹੋਏ ਸਨ ਸਾਡੇ ਸੁਪਰਇਨਟੈਨਡੈਂਟ ਇੰਜਨੀਅਰ ਸਾਹਿਬ ਸ੍ਰੀਨਿਵਾਸਨ ਜੀ। ਬਹੁਤ ਸਨੇਹ ਕਰਦੇ ਸਨ। ਇੱਕ ਵਾਰ ਪੰਜਾਬ ਦਾ ਪਿੰਡ ਦੇਖਣ ਦੇ ਬਹਾਨੇ ਉਹ ਮੇਰੇ ਨਾਲ ਸਾਡੇ ਪਿੰਡ ਵੀ ਗਏ। ਬਾਅਦ ‘ਚ ਉਨ੍ਹਾਂ ਆਪਣੇ ਪੁੱਤਰ ਨਾਲ ਮੇਰੇ ਰਿਸ਼ਤੇ ਦੀ ਗੱਲ ਮੇਰੇ ਨਾਲ ਕੀਤੀ। ਮੈਂ ਪੂਰੇ ਸਨਮਾਨ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਮਹਿੰਦਰੂ ਸਾਹਿਬ ਨਾਲ ਨਿਕਟ ਭਵਿੱਖ ‘ਚ ਹੋਣ ਵਾਲੇ ਆਪਣੇ ਵਿਆਹ ਬਾਰੇ ਦੱਸਿਆ। ਉਹ ਉੱਥੋਂ ਜਾਣ ਵੇਲੇ ਮੈਨੂੰ ਚੰਦਨ ਦੀ ਲੱਕੜੀ ਦਾ ਬਣਿਆ ਇੱਕ ਬਕਸਾ ਦੇ ਕੇ ਗਏ, ਮੇਰੇ ਵਿਆਹ ਦੇ ਤੋਹਫ਼ੇ ਵਜੋਂ।
ਸਾਡੇ ਵਿਆਹ ‘ਤੇ ਦੂਰਦਰਸ਼ਨ ਸ਼੍ਰੀਨਗਰ ਤੋਂ ਬਹੁਤ ਸਾਰਾ ਸਟਾਫ਼ ਆਇਆ ਸੀ ਜਲੰਧਰ, ਅਤੇ ਬਰਾਤ ‘ਚ ਮੇਰੇ ਪਿੰਡ ਵੀ ਆਏ ਸਨ ਉਹ ਸਾਰੇ। ਰਿਆਜ਼ ਭਾਈ ਸਾਹਿਬ ਤਾਂ ਹੁਣ ਤਕ ਮੇਰੇ ਨਾਲ ਵਰਤਦੇ ਨੇ ਅਤੇ ਭਰਾ ਦੇ ਸਾਰੇ ਫ਼ਰਜ਼ ਨਿਭਾਉਂਦੇ ਆ ਰਹੇ ਹਨ। ਇੱਕ ਵਾਰ ਦਿੱਲੀ ਹੈੱਡ ਔਫ਼ਿਸ ਤੋਂ ਨਿਰਦੇਸ਼ ਆਇਆ ਕਿ ਚਾਹੇ ਕਿੰਨਾ ਵੀ ਅੱਛਾ ਐਨਾਊਂਸਰ ਹੋਵੇ, ਵਾਣੀ ਸਰਟੀਫ਼ਿਕੇਟ ਕੋਰਸ ਸਭ ਲਈ ਜ਼ਰੂਰੀ ਹੋਵੇਗਾ, ਅਤੇ ਜਿਸ ਨੇ ਵੀ ਉਹ ਕੋਰਸ ਨਾ ਕੀਤਾ ਹੋਵੇ, ਉਹਦੀ ਬੁਕਿੰਗ ਬੰਦ ਕਰ ਦਿੱਤੀ ਜਾਵੇ। ਸ਼ਿਮਲਾ ਸਟੇਸ਼ਨ ‘ਤੇ ਸੀ ਓਦੋਂ ਮੈਂ। ਦੋ ਬੱਚੇ ਆਏ, ਵਧੀਆ ਐਨਾਊਂਸਰ ਸਨ। ਪੜ੍ਹ ਰਹੇ ਸਨ। ਕਹਿੰਦੇ ਮੈਡਮ ਸਾਡੇ ਕੋਲ ਤਾਂ ਪੱਚੀ ਸੌ ਰੁਪਏ ਨਹੀਂ ਫ਼ੀਸ ਭਰਨ ਲਈ, ਕੀ ਤੁਸੀਂ ਸਾਡੀ ਬੁਕਿੰਗ ਬੰਦ ਕਰ ਦੇਵੋਗੇ? ਸੋਚਦੀ ਰਹੀ। ਫ਼ੇਰ ਪਰਸ ਖੋਲ੍ਹਿਆ ਅਤੇ ਦੋਹਾਂ ਦੀ ਫ਼ੀਸ ਭਰ ਦਿੱਤੀ। ਕੋਰਸ ਕੀਤਾ ਉਨ੍ਹਾਂ ਨੇ ਅਤੇ ਬੁਕਿੰਗ ਵੀ ਚਾਲੂ ਰਹੀ। ਅਗਲੇ ਮਹੀਨੇ ਜਦੋਂ ਉਨ੍ਹਾਂ ਨੂੰ ਰੇਡੀਓ ਤੋਂ ਚੈੱਕ ਮਿਲਿਆ, ਉਹ ਮੇਰੇ ਪੈਸੇ ਵਾਪਿਸ ਕਰ ਗਏ।
ਸਨੇਹ ਹੋ ਜਾਂਦਾ ਹੈ ਬੱਚਿਆਂ ਨਾਲ। ਪੜ੍ਹੇ ਲਿਖੇ, ਜ਼ਹੀਨ ਬੱਚੇ ਤੁਹਾਡੇ ਆਲੇ ਦੁਆਲੇ ਰਹਿੰਦੇ ਹਨ, ਤਾਂ ਤੁਸੀਂ ਬਹੁਤ ਕੁਝ ਸਿੱਖਦੇ ਹੋਂ ਉਨ੍ਹਾਂ ਤੋਂ। ਨਵੀਂ ਦੁਨੀਆਂ ਨਾਲ ਜੋੜਦੇ ਹਨ ਉਹ ਤੁਹਾਨੂੰ। ਇਹ ਅਗਲੀ ਪੀੜ੍ਹੀ ਸਾਡੀ ਪੀੜ੍ਹੀ ਨਾਲੋਂ ਜ਼ਿਆਦਾ ਸਮਝਦਾਰ, ਜ਼ਿਆਦਾ ਅੱਛੀ, ਜ਼ਿਆਦਾ ਵਿਵਹਾਰਿਕ ਹੈ। ਵਕਤ ਨਾਲ ਚੱਲਣ ਦੇ ਸਮਰੱਥ ਹਨ ਇਹ ਬੱਚੇ। ਪੜ੍ਹ ਰਹੇ ਹਨ, ਕੰਮ ਕਰ ਰਹੇ ਹਨ, ਰੇਡੀਓ TV ‘ਤੇ ਪ੍ਰੋਗਰਾਮ ਦੇ ਰਹੇ ਹਨ, ਆਪਣੇ ਯੂਟਿਊਬ ਚੈਨਲ ਖੋਲ੍ਹੇ ਹੋਏ ਹਨ। ਆਪਣੀਆਂ ਸ਼ਰਤਾਂ ਅਤੇ ਜਿਉਂਦੇ ਹਨ। ਸੱਚ ਪੁੱਛੋ ਤਾਂ ਮਾਂ ਪਿਓ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਆਉਂਦਾ ਹੈ ਇਨ੍ਹਾਂ ਨੂੰ। ਦੋਸਤੀਆਂ ਨਿਭਾਉਣੀਆਂ ਜਾਣਦੇ ਹਨ। ਰੇਡੀਓ ਇੱਕ ਸਭਿਆਚਾਰਕ ਪਛਾਣ ਦਿੰਦਾ ਹੈ ਇਨ੍ਹਾਂ ਨੂੰ ਅਤੇ ਇਹ ਰਮ ਜਾਂਦੇ ਹਨ ਉਸ ਸਭਿਆਚਾਰ ਵਿੱਚ। 26 ਜਨਵਰੀ ਸਭ ਭਾਰਤੀਆਂ ਵਾਸਤੇ ਅਹਿਮ ਦਿਨ ਹੁੰਦਾ ਹੈ ਅਤੇ ਮੇਰਾ ਵੀ ਜਨਮ ਉਸੇ ਦਿਨ ਹੋਇਆ ਸੀ। ਇਹ ਸਭ ਬਾਤਾਂ ਅਤੇ ਨਾਲ ਹੋਰ ਬਾਤਾਂ ਪਾਉਂਦਿਆਂ ਲਗਦੈ ਜਿਵੇਂ ਅਜ ਭਲਕ ਦੀਆਂ ਹੀ ਬਾਤਾਂ ਨੇ ਇਹ!