ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਨਗਰ ਨਿਗਮ ਚੋਣਾਂ ਤੇ ਜਲੰਧਰ ਲੋਕ ਸਭਾ ਹਲਕੇ ਦੀ ਹੋਣ ਵਾਲੀ ਸੰਭਾਵੀ ਉਪ ਚੋਣ ਲਈ ਕਮਰ ਕੱਸ ਕਰ ਲੈਣ ਅਤੇ ਪਾਰਟੀ ਇਨ੍ਹਾਂ ਚੋਣਾਂ ਨੂੰ ਡਟ ਕੇ ਲੜੇਗੀ। ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਸਿੰਘ ਰਾਵੀ ਦੇ ਨਿਵਾਸ ’ਤੇ ਪਾਰਟੀ ਲੀਡਰਾਂ ਨਾਲ ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਹੁਣੇ ਤੋਂ ਹੀ ਪਾਰਟੀ ਨੂੰ ਇਨ੍ਹਾਂ ਚੋਣਾਂ ਸਰਗਰਮੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।
ਉਨ੍ਹਾਂ ਸ਼ਹਿਰ ’ਚ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕਰਨ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਹਰ ਲੀਡਰ ਤੇ ਵਰਕਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਤੋਂ ਅੱਕੇ ਪਏ ਹਨ। ਉਨ੍ਹਾਂ ਸ਼ਹਿਰ ’ਚ ਪਾਰਟੀ ਨਾਲ ਲੋਕਾਂ ਨੂੰ ਜੋੜਨ ਸੰਬਧੀ ਵੀ ਵਿਚਾਰਾਂ ਕੀਤੀਆਂ। ਪਾਰਟੀ ਲੀਡਰ ਤੋਂ ਉਪ ਚੋਣ ਲਈ ਉਮੀਦਵਾਰ ਖੜ੍ਹਾ ਕਰਨ ਸੰਬਧੀ ਵੀ ਵਿਚਾਰ ਲਏ ਗਏ ਅਤੇ ਨਿਗਮਾਂ ਚੋਣਾਂ ’ਚ ਪਾਰਟੀ ਕਿੰਨੀਆਂ ਸੀਟਾਂ ਲੜੇ, ਸੰਬਧੀ ਵੀ ਵਿਚਾਰਾਂ ਕੀਤੀਆਂ।
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸੁਝਾਅ ਦਿੱਤਾ ਕਿ ਉਪ ਚੋਣ ਤੇ ਨਿਗਮ ਚੋਣਾਂ ’ਚ ਹਰੇਕ ਵਰਗ ਦਾ ਸਾਥ ਲਿਆ ਜਾਵੇ ਅਤੇ ਹੁਣੇ ਤੋਂ ਹੀ ਇਸ ਦੀਆਂ ਤਿਆਰੀਆਂ ਆਰੰਭ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਫਰਵਰੀ ਦੇ ਪਹਿਲੇ ਹਫਤੇ ਸੁਖਬੀਰ ਬਾਦਲ ਸ਼ਹਿਰ ’ਚ ਕਈ ਮੀਟਿੰਗਾਂ ਕਰਨਗੇ ਅਤੇ ਪਾਰਟੀ ਦੇ ਆਗੂਆਂ ਤੋਂ ਵਰਕਰਾਂ ਨਾਲ ਉਨ੍ਹਾਂ ਘਰੇ ਜਾ ਕੇ ਸਲਾਹਮਸ਼ਵਰਾ ਵੀ ਕਰਨਗੇ। ਇਸ ਮੌਕੇ ’ਤੇ ਜਥੇਦਾਰ ਵਡਾਲਾ, ਪਵਨ ਪੇਨੂੰ, ਡਾ. ਸੁੱਖਵਿੰਦਰ ਸਿੰਘ ਸੁੱਖੀ ਵਿਧਾਇਕ, ਬਲਦੇਵ ਸਿੰਘ ਖਹਿਰਾ, ਚੰਦਨ ਗਰੇਵਾਲ, ਸ਼ਹਿਰੀ ਜਥੇਦਾਰ ਕੁਲਵੰਤ ਸਿੰਘ ਮੰਨਣ, ਗਗਨਦੀਪ ਸਿੰਘ ਗੱਗੀ, ਪਰਮਜੀਤ ਸਿੰਘ ਰੇਰੂ, ਅਮਰਪ੍ਰੀਤ ਸਿੰਘ ਮੌਂਟੀ, ਗੁਰਪ੍ਰੀਤ ਸਿੰਘ ਖਾਲਸਾ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।