ਜੰਮੂ-ਕਸ਼ਮੀਰ ਦੇ 10 ਜ਼ਿਲ੍ਹਿਆਂ ‘ਚ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਅਗਲੇ 48 ਘੰਟਿਆਂ ਦੌਰਾਨ ਖ਼ੇਤਰ ਦੇ 10 ਜ਼ਿਲ੍ਹਿਆਂ ‘ਚ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (SDMA) ਨੇ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ‘ਚ ਮੱਧਮ ਬਰਫ਼ ਖਿਸਕਣ ਦਾ ਆਸਾਰ ਜਤਾਇਆ ਹੈ।
ਜਦੋਂ ਕਿ ਅਨੰਤਨਾਗ, ਬਾਂਦੀਪੋਰਾ, ਬਾਰਾਮੂਲਾ, ਡੋਡਾ, ਕਿਸ਼ਤਵਾੜ, ਕੁਲਗਾਮ, ਕੁਪਵਾੜਾ, ਪੁੰਛ ਅਤੇ ਰਾਮਬਨ ਜ਼ਿਲ੍ਹਿਆਂ ‘ਚ ਵੀ ਮਾਮੂਲੀ ਬਰਫ਼ ਖਿਸਕਣ ਦੀ ਸੰਭਾਵਨਾ ਹੈ। ਐੱਸਡੀਐੱਮਏ ਨੇ ਇੱਥੋਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਦੂਜਿਆਂ ਨੂੰ ਬਰਫ਼ਬਾਰੀ ਵਾਲੇ ਖ਼ੇਤਰਾਂ ‘ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗਾਂਦੇਰਬਲ ਦੇ ਸੋਨਮਰਗ ਖ਼ੇਤਰ ‘ਚ 12 ਜਨਵਰੀ ਨੂੰ ਨਿਰਮਾਣ ਅਧੀਨ ਸੁਰੰਗ ਨੇੜੇ ਸਰਬਲ ਪਿੰਡ ਵਿਚ ਬਰਫ਼ ਖਿਸਕਣ ਨਾਲ ਕਿਸ਼ਤਵਾੜ ਦੇ ਦੋ ਮਜ਼ਦੂਰਾਂ ਮੌਤ ਹੋ ਗਈ ਸੀ।