ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪਾਰਟੀ ਦਾ ਮੁੱਖ ਸਰਪ੍ਰਸਤ ਨਿਯੁਕਤ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਥਾਨਕ ਮੀਡੀਆ ਨੇ ਸ਼ਨੀਵਾਰ ਰਿਪੋਰਟ ਦਿੱਤੀ ਕਿ ਪੀ. ਟੀ.ਆਈ. ਨੇ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਅਹੁਦੇ ਨੂੰ ਲੈ ਕੇ ਕਾਨੂੰਨੀ ਚੁਣੌਤੀਆਂ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਧਮਕੀ ਤੋਂ ਬਚਣ ਲਈ ਪਾਰਟੀ ਦੇ ਮੁੱਖ ਸਰਪ੍ਰਸਤ ਦੀ ਨਿਯੁਕਤੀ ਦੇ ਮੁੱਦੇ ’ਤੇ ਵਿਚਾਰ ਕੀਤਾ ਗਿਆ ਹੈ। ਖ਼ਾਨ ਤੋਸ਼ਕਾਨਾ ਮਾਮਲੇ ‘ਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਮੀਆਂਵਾਲੀ-1 ਹਲਕੇ ਤੋਂ ਕਥਿਤ ਤੌਰ ’ਤੇ ਜਾਇਦਾਦ ਦੇ ਝੂਠੇ ਵੇਰਵੇ ਦਾਇਰ ਕਰਨ ਲਈ ਅਯੋਗ ਕਰਾਰ ਦਿੱਤਾ ਸੀ।
ਜਿਓ ਨਿਊਜ਼ ਦੀ ਰਿਪੋਰਟ ਅਨੁਸਾਰ ਚੋਣ ਸੰਸਥਾ ਨੇ ਪਿਛਲੇ ਮਹੀਨੇ ਇਮਰਾਨ ਖ਼ਾਨ ਖ਼ਿਲਾਫ਼ ਤੋਸ਼ਕਾਨਾ ਘਪਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਸੀ। ਪੀ.ਟੀ.ਆਈ. ਨੇ ਖ਼ਾਨ ਨੂੰ ਪਾਰਟੀ ਦੀ ਅਗਵਾਈ ਕਰਨ ਤੋਂ ਰੋਕਣ ਲਈ ਈ. ਸੀ. ਪੀ. ਦੇ ਕਦਮ ਵਿਰੁੱਧ ਲਾਹੌਰ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਦੇ ਹੱਕ ‘ਚ ਸਟੇਅ ਹਾਸਲ ਕਰ ਲਿਆ।