ਬ੍ਰਿਟੇਨ ਦੇ PM ਰਿਸ਼ੀ ਸੁਨਕ ਨੂੰ ਲੱਗਾ 10,000 ਰੁਪਏ ਦਾ ਜੁਰਮਾਨਾ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਆਪਣੀ ਕਾਰ ’ਚ ਸੀਟ ਬੈਲਟ ਨਾ ਲਗਾਉਣ ’ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਦੂਜੀ ਵਾਰ ਹੈ, ਜਦੋਂ ਸਰਕਾਰ ’ਚ ਰਹਿੰਦਿਆਂ ਨਿਯਮ ਤੋੜਨ ਲਈ ਉਨ੍ਹਾਂ ’ਤੇ ਜੁਰਮਾਨਾ ਲਗਾਇਆ ਗਿਆ ਹੈ। ਸੀਟ ਬੈਲਟ ਨਾ ਬੰਨ੍ਹਣ ਦੀ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਸਰਕਾਰ ਦੀ ਤਪੱਸਿਆ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇੰਗਲੈਂਡ ਦੇ ਲੰਕਾਸ਼ਾਇਰ ’ਚ ਇਕ ਵੀਡੀਓ ਬਣਾ ਰਹੇ ਸਨ। ਵੀਡੀਓ ਸੁਨਕ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਗਈ ਸੀ। ਇੱਥੇ ਦੱਸ ਦੇਈਏ ਕਿ ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਸੀ। ਪੁਲਸ ਨੇ ਸੁਨਕ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਨੇ ਲੰਡਨ ਦੇ ਇਕ 42 ਸਾਲਾ ਵਿਅਕਤੀ ਨੂੰ ਇਕ ਖਾਸ ਜੁਰਮਾਨੇ ਦੀ ਸ਼ਰਤ ਦੀ ਪੇਸ਼ਕਸ਼ ਕੀਤੀ ਸੀ।
ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਤੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ਕਿ ਰਿਸ਼ੀ ਸੁਨਕ ਨੇ ਆਪਣੀ ਗਲਤੀ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਹੈ ਅਤੇ ਮੁਆਫੀ ਮੰਗੀ ਹੈ। ਉਹ ਜੁਰਮਾਨਾ ਭਰਨ ਲਈ ਤਿਆਰ ਹਨ। ਬ੍ਰਿਟੇਨ ‘ਚ ਜੇਕਰ ਕੋਈ ਯਾਤਰੀ ਸੀਟ ਬੈਲਟ ਨਹੀਂ ਲਾਉਂਦਾ ਤਾਂ ਉਸ ‘ਤੇ 100 ਪੌਂਡ (10,000 ਰੁਪਏ) ਦਾ ਜ਼ੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਮਾਮਲਾ ਅਦਾਲਤ ‘ਚ ਜਾਂਦਾ ਹੈ ਤਾਂ ਉਸ ‘ਤੇ 500 ਪੌਂਡ (50,000 ਹਜ਼ਾਰ) ਰੁਪਏ ਦਾ ਜੁਰਮਾਨਾ ਲਗਾਇਆ ਦਾ ਸਕਦਾ ਹੈ। ਇਹ ਦੂਜੀ ਵਾਰ ਹੈ ਜਦੋਂ ਸੁਨਕ ਨੂੰ ਸਰਕਾਰ ਵਿੱਚ ਰਹਿਣ ਦੌਰਾਨ ਜੁਰਮਾਨੇ ਦਾ ਨੋਟਿਸ ਮਿਲਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ 2022 ’ਚ, ਜੂਨ 2020 ’ਚ ਡਾਊਨਿੰਗ ਸਟ੍ਰੀਟ ’ਚ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ’ਤੇ ਕੋਵਿਡ ਲਾਕਡਾਊਨ ਨਿਯਮਾਂ ਨੂੰ ਤੋੜਨ ਲਈ ਜੌਨਸਨ ਅਤੇ ਪਤਨੀ ਕੈਰੀ ਦੇ ਨਾਲ-ਨਾਲ ਖਜ਼ਾਨੇ ਦੇ ਤਤਕਾਲੀ ਚਾਂਸਲਰ ਸੁਨਕ ’ਤੇ ਵੀ ਜੁਰਮਾਨਾ ਲਗਾਇਆ ਗਿਆ ਸੀ।