PM ਮੋਦੀ ਅੱਜ ਕਰਨਗੇ ‘ਸੰਸਦ ਖੇਡ ਮਹਾਕੁੰਭ’ ਦੇ ਦੂਜੇ ਪੜਾਅ ਦਾ ਉਦਘਾਟਨ, ਨੌਜਵਾਨਾਂ ਨੂੰ ਮਿਲੇਗਾ ਹੁਨਰ ਵਿਖਾਉਣ ਦਾ ਮੌਕਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿਚ ਸੰਸਦ ਖੇਡ ਮਹਾਕੁੰਭ ਦੇ ਦੂਜੇ ਪੜਾਅ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੇ ਬਸਤੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸੰਸਦ ਖੇਡ ਮਹਾਕੁੰਭ ਨੂੰ ਲੈ ਕੇ ਨੌਜਵਾਨਾਂ ਵਿਚ ਉਤਸ਼ਾਹ ਹੈ। ਉੱਭਰਦੇ ਖੇਡ ਹੁਨਰ ਲਈ ਇਹ ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰਦੀ ਹੈ। ਦੁਪਹਿਰ ਇਕ ਵਜੇ ਵੀਡੀਓ ਕਾਨਫਰੰਸ ਜ਼ਰੀਏ ਇਸ ਦੇ ਦੂਜੇ ਪੜਾਅ ਦੇ ਉਦਘਾਟਨ ਦਾ ਮੌਕਾ ਮਿਲੇਗਾ।
ਪ੍ਰਧਾਨ ਮੰਤਰੀ ਮੋਦੀ ਬਸਤੀ ਜ਼ਿਲ੍ਹੇ ‘ਚ ਆਯੋਜਿਤ ਹੋ ਰਹੇ ਸੰਸਦ ਖੇਡ ਮਹਾਕੁੰਭ 2022-2023 ਦੇ ਦੂਜੇ ਪੜਾਅ ਦਾ ਅੱਜ ਦੁਪਹਿਰ 1 ਵਜੇ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕਰਨਗੇ। ਬਸਤੀ ਜ਼ਿਲ੍ਹੇ ਵਿਚ ਸੰਸਦ ਖੇਡ ਮਹਾਕੁੰਭ ਦਾ ਆਯੋਜਨ ਸਾਲ 2021 ਤੋਂ ਸਥਾਨਕ ਲੋਕ ਸਭਾ ਮੈਂਬਰ ਹਰੀਸ਼ ਦ੍ਰਿਵੇਦੀ ਵਲੋਂ ਕੀਤਾ ਜਾ ਰਿਹਾ ਹੈ।
ਪਹਿਲਾ ਪੜਾਅ 10 ਤੋਂ 16 ਦਸੰਬਰ ਤੱਕ ਚਲਿਆ ਸੀ ਅਤੇ ਦੂਜਾ ਪੜਾਅ 18 ਤੋਂ 28 ਜਨਵਰੀ ਤੱਕ ਚਲੇਗਾ। ਸੰਸਦ ਖੇਡ ਮਹਾਕੁੰਭ ਇਕ ਵਿਲੱਖਣ ਪਹਿਲਕਦਮੀ ਹੈ, ਜੋ ਬਸਤੀ ਜ਼ਿਲ੍ਹੇ ਅਤੇ ਆਸ-ਪਾਸ ਦੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਖੇਡਾਂ ਨੂੰ ਕਰੀਅਰ ਬਦਲ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਮੌਕਾ ਅਤੇ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਹ ਖੇਤਰ ਦੇ ਨੌਜਵਾਨਾਂ ‘ਚ ਅਨੁਸ਼ਾਸਨ, ਟੀਮ ਵਰਕ, ਸਿਹਤਮੰਦ ਮੁਕਾਬਲੇ, ਸਵੈ-ਵਿਸ਼ਵਾਸ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ।
ਖੇਡ ਮਹਾਕੁੰਭ ਅੰਦਰੂਨੀ ਅਤੇ ਬਾਹਰੀ ਖੇਡਾਂ ਜਿਵੇਂ ਕੁਸ਼ਤੀ, ਕਬੱਡੀ, ਖੋ-ਖੋ, ਬਾਸਕਟਬਾਲ, ਫੁੱਟਬਾਲ, ਹਾਕੀ, ਵਾਲੀਬਾਲ, ਹੈਂਡਬਾਲ, ਸ਼ਤਰੰਜ, ਕੈਰਮ, ਬੈਡਮਿੰਟਨ, ਟੇਬਲ ਟੈਨਿਸ ਆਦਿ ਦੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਖੇਡ ਮਹਾਕੁੰਭ ਦੌਰਾਨ ਲੇਖ ਲਿਖਣ, ਪੇਂਟਿੰਗ, ਰੰਗੋਲੀ ਮੁਕਾਬਲੇ ਆਦਿ ਵੀ ਕਰਵਾਏ ਜਾਂਦੇ ਹਨ।