ਡਾ.ਦੇਵਿੰਦਰ ਮਹਿੰਦਰੂ
ਮੈਡਮ ਡੋਲਕਰ ਬਣੇ ਸਨ ਨੌਰਥ ਜ਼ੋਨ ਦੇ ਡਿਪਟੀ ਡਾਇਰੈਕਟਰ ਜਨਰਲ ਮੈਡਮ ਨੌਰੀਨ ਨਕਵੀ ਤੋਂ ਬਾਅਦ। ਗਰੁੱਪ ਫ਼ੌਰਟੀਨ ਦੀ ਮੀਟਿੰਗ ਦੇ ਚੇਅਰਮੈਨ ਉਸ ਜ਼ੋਨ ਦੇ DDG ਹੁੰਦੇ ਹਨ। ਵਾਰੀ ਸਿਰ ਇਹ ਮੀਟਿੰਗ ਇੱਕ ਕੇਂਦਰ ਨੇ ਆਯੋਜਿਤ ਕਰਨੀ ਹੁੰਦੀ ਹੈ। ਵਾਰੀ ਆਈ ਸ਼ਿਮਲਾ ਰੇਡੀਓ ਸਟੇਸ਼ਨ ਦੀ, ਤੇ ਮੈਡਮ ਡੋਲਕਰ ਦੀ ਚੇਅਰਮੈਨ ਵਜੋਂ ਇਹ ਪਹਿਲੀ ਮੀਟਿੰਗ ਸੀ, ਅਤੇ ਪ੍ਰੋਗਰਾਮ ਹੈੱਡ ਦੇ ਤੌਰ ‘ਤੇ ਮੇਰੀ ਵੀ ਪਹਿਲੀ ਮੀਟਿੰਗ ਸੀ। ਮੈਂ ਉਤਸਾਹਿਤ ਸਾਂ। ਸਾਰੇ ਦੋਸਤ ਮਿੱਤਰ ਇੰਨ੍ਹਾਂ ਮੀਟਿੰਗਾਂ ਦੇ ਬਹਾਨੇ ਮਿਲ ਲੈਂਦੇ ਹਨ, ਕੰਮ ਦੀਆਂ ਕੁੱਝ ਗੱਲਾਂ ਹੋ ਜਾਂਦੀਆਂ ਹਨ, ਘੁੰਮਣਾ ਫ਼ਿਰਨਾ ਵੀ ਹੋ ਜਾਂਦਾ ਹੈ।
ਸ਼ਿਮਲਾ ਆਉਣ ਦਾ ਚਾਅ ਤਾਂ ਸਾਰਿਆਂ ਨੂੰ ਹੁੰਦਾ ਹੀ ਹੈ। ਮੈਡਮ ਦਾ ਚਾਅ ਥੋੜ੍ਹਾ ਜ਼ਿਆਦਾ ਸੀ ਕਿਉਂਕਿ ਸ਼ਿਮਲਾ ਉਨ੍ਹਾਂ ਦਾ ਇਹ ਪਹਿਲਾ ਸਟੇਸ਼ਨ ਸੀ, ਇੱਥੋਂ ਉਨ੍ਹਾਂ ਨੇ ਕਦੇ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ। DDG (ਡਾਇਰੈਕਟਰ ਜਨਰਲ) ਬਣਨ ਤੋਂ ਬਾਅਦ ਉਨ੍ਹਾਂ ਪਹਿਲੀ ਵਾਰੀ ਸ਼ਿਮਲਾ ਆਉਣਾ ਸੀ। (ਇੱਥੇ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਫ਼ੋਟੋ ਛਪੀ ਹੈ, ਇਹ ਓਦੋਂ ਦੀ ਹੈ, ਜਦੋਂ ਮੈਡਮ ਸ਼ਿਮਲਾ ਸਟੇਸ਼ਨ ‘ਤੇ ਸਨ, ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼ਿਮਲਾ ਆਏ ਸਨ, ਅਤੇ ਮੈਡਮ ਇਹ ਫ਼ੰਕਸ਼ਨ ਕਵਰ ਕਰਨ ਰਿੱਜ ‘ਤੇ ਗਏ ਸਨ। ਇਸ ‘ਚ ਦਿਸ ਰਿਹੈ ਕਿ ਇੱਕ ਵਾਰ ਕਹਿਣ ‘ਤੇ ਹੀ ਦੇਸ਼ ਦੀ ਪ੍ਰਧਾਨ ਮੰਤਰੀ ਨੇ ਰੇਡੀਓ ਦੀ ਜਵਾਨ ਅਫ਼ਸਰ ਨਾਲ ਕਿੰਨਾ ਖ਼ੁਸ਼ ਹੋ ਕੇ ਫ਼ੋਟੋ ਖਿਚਵਾਈ ਹੈ। ਬਹੁਤ ਕੁੱਝ ਕਹਿ ਰਹੀ ਹੈ ਇਹ ਤਸਵੀਰ।
ਮੀਟਿੰਗ ਤੋਂ ਇੱਕ ਦਿਨ ਪਹਿਲਾਂ ਮੈਡਮ ਡੋਲਕਰ ਨੇ ਦਿੱਲੀਓਂ ਆਉਣਾ ਸੀ। ਸਾਰਾ ਸਟਾਫ਼ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ, ਕਾਫ਼ੀ ਰਾਤ ਹੋ ਗਈ ਸੀ। ਅਚਾਨਕ ਦੂਰਦਰਸ਼ਨ ਦੇ ਡਾਇਰੈਕਟਰ ਗੌਰੀ ਦੱਤ ਵੀ ਪਹੁੰਚ ਗਏ। ਉਹ ਵੀ ਮੈਡਮ ਡੋਲਕਰ ਨੂੰ ਮਿਲਣ ਆਏ ਸਨ। ਥੋੜ੍ਹੀ ਦੇਰ ਬਾਅਦ ਮੈਡਮ ਪਹੁੰਚ ਗਏ। ਸਾਰੇ ਪਿਆਰ ਨਾਲ ਮਿਲੇ। ਇਕਦਮ ਗੌਰੀ ਜੀ ਨੇ ਕਿਹਾ, ”ਮੈਡਮ, ਮੇਰੇ ਖ਼ਿਆਲ ‘ਚ ਮੀਟਿੰਗ ਦੂਰਦਰਸ਼ਨ ‘ਚ ਹੋਣੀ ਚਾਹੀਦੀ ਹੈ।”
ਮੈਡਮ ਨੇ ਮੇਰੇ ਵੱਲ ਦੇਖਿਆ, ਸਮਝ ਗਏ ਕਿ ਮੈਨੂੰ ਇਹ ਗੱਲ ਅੱਛੀ ਨਹੀਂ ਲੱਗੀ। ਉਨ੍ਹਾਂ ਗੌਰੀ ਜੀ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਅਤੇ ਮੈਂ ਮੈਡਮ ਡੋਲਕਰ ਨੂੰ ਉਨ੍ਹਾਂ ਦੇ ਹੋਟਲ ਛੱਡਣ ਚਲੀ ਗਈ। ਉੱਥੇ ਉਨ੍ਹਾਂ ਪੁੱਛਿਆ ਕਿ ਇਹ ਦੂਰਦਰਸ਼ਨ ‘ਚ ਮੀਟਿੰਗ ਰੱਖਣ ਦੀ ਕੀ ਗੱਲ ਹੋ ਰਹੀ ਸੀ। ਮੈਂ ਝਿਜਕਦੇ ਹੋਏ ਕਿਹਾ ਕਿ ਉਹ ਸਮਝਦੇ ਹਨ ਮੈਂ ਸੀਨੀਅਰ ਹਾਂ, ਇਸ ਕਰ ਕੇ ਰੇਡੀਓ ‘ਤੇ ਮੇਰੇ ਹੁਕਮ ਚੱਲਣੇ ਚਾਹੀਦੇ ਹਨ। ਉਹ ਹੱਸ ਪਏ, ”ਤੂੰ ਮੰਨਦੀ ਹੈਂ ਉਨ੍ਹਾਂ ਦੇ ਹੁਕਮ? ”
”ਬਿਲਕੁਲ ਨਹੀਂ, ਅਸੀਂ ਆਪਣਾ ਕੰਮ ਕਰਦੇ ਹਾਂ। ਮੀਟਿੰਗ ਲਈ ਬੱਚਤ ਭਵਨ ਬੁੱਕ ਹੈ। ਮਾਲ ਅਤੇ ਲੰਚ ਲਈ ਬਾਲਜੀ ਰੈਸਟੋਰੈਂਟ ‘ਚ ਵੀ ਬੁਕਿੰਗ ਹੋ ਚੁੱਕੀ ਹੈ।”ਮੈਡਮ ਨੇ ਮੇਰੇ ਸਾਹਮਣੇ ਹੀ ਗੌਰੀ ਜੀ ਨੂੰ ਫ਼ੋਨ ਮਿਲਾਇਆ, ਅਤੇ ਦੂਰਦਰਸ਼ਨ ‘ਚ ਮੀਟਿੰਗ ਰੱਖਣ ਲਈ ਸਾਫ਼ ਨਾਂਹ ਕਰ ਦਿੱਤੀ, ਅਤੇ ਮੇਰੇ ਲਈ ਕਿਹਾ ਕਿ ਇਹਨੇ ਸਾਰਾ ਪ੍ਰਬੰਧ ਵਧੀਆ ਕੀਤਾ ਹੋਇਆ ਹੈ, ਉਸੇ ਮੁਤਾਬਿਕ ਹੀ ਹੋਵੇਗਾ ਸਾਰਾ ਕੁੱਝ, ਤੁਸੀਂ ਪਰੇਸ਼ਾਨ ਨਾ ਹੋਵੋ। ਮੈਂ ਪਹਿਲੀ ਵਾਰ ਮਿਲੀ ਸੀ ਡੋਲਕਰ ਮੈਡਮ ਨੂੰ, ਉਨ੍ਹਾਂ ਦੀ ਇਸ ਗੱਲ ਨੇ ਮੇਰੇ ਮਨ ‘ਚ ਉਨ੍ਹਾਂ ਦੀ ਇੱਜ਼ਤ ਵਧਾ ਦਿੱਤੀ। ਅੱਜ ਵੀ ਅਸੀਂ ਅੱਛੀਆਂ ਸਹੇਲੀਆਂ ਹਾਂ।
ਸ਼ਿਮਲਾ ਦਾ ਇੱਕ ਹੋਰ ਦਿਲਚਸਪ ਪ੍ਰਸੰਗ ਚੇਤੇ ਆਇਐ। ਅਵਤਾਰ ਐੱਨ.ਗਿੱਲ ਇੱਕ ਉੱਚ ਪੱਧਰੀ ਲੇਖਕ ਅਤੇ ਉਸ ਤੋਂ ਵੀ ਵਧੀਆ ਇਨਸਾਨ। ਉਨ੍ਹਾਂ ਨੂੰ ਇੱਕ ਕਵੀ ਗੋਸ਼ਟੀ ‘ਚ ਬੁਲਾਇਆ ਹੋਇਆ ਸੀ। ਸਾਰੇ ਕਵੀਆਂ ਨੇ ਆਪਣੇ ਦਸਤਖ਼ਤ ਕਰ ਕੇ ਆਪਣੀ ਸਹਿਮਤੀ ਭੇਜ ਦਿੱਤੀ ਹੋਈ ਸੀ। ਚੈੱਕ ਬਣਨ ਲਈ ਕੌਂਟਰੈਕਟ ਭੇਜ ਦਿੱਤੇ ਗਏ ਸਨ। ਐੱਨ.ਗਿਲ ਸਾਹਿਬ ਦਾ ਕੋਈ ਅਤਾ ਪਤਾ ਨਹੀਂ ਸੀ। ਸਾਰੇ ਕਵੀਆਂ ਨੂੰ ਸਟੂਡੀਓ ‘ਚ ਰਿਕਾਰਡਿੰਗ ਲਈ ਲੈ ਕੇ ਜਾਣ ਹੀ ਲੱਗੀ ਸਾਂ ਕਿ ਇੱਕ ਸਰਦਾਰ ਜੀ ਕਾਹਲੀ ਕਾਹਲੀ ਕਮਰੇ ‘ਚ ਦਾਖ਼ਲ ਹੋਏ, ”ਮੈਂ ਅਵਤਾਰ ਐੱਨ.ਗਿੱਲ।”ਉਨ੍ਹਾਂ ਨੂੰ ਪਤਾ ਸੀ ਮੈਂ ਉਨ੍ਹਾਂ ਨੂੰ ਨਹੀਂ ਪਛਾਣਦੀ।”ਆਪ ਦਾ ਕੌਨਟਰੈਕਟ ਕਿਥੇ ਐ ਐੱਨ.ਗਿਲ ਸਾਹਿਬ? ”ਉਨ੍ਹਾਂ ਦੇ ਦਿੱਤਾ ਕੌਂਟਰੈਕਟ ਕੱਢ ਕੇ। ਮੈਂ ਕਿਹਾ ਸਾਈਨ ਕਰ ਦੇਵੋ ਜਲਦੀ, ਚੈੱਕ ਬਨਣ ਲਈ ਭੇਜਣਾ ਹੈ।”
”ਨਹੀਂ ਪਹਿਲਾਂ ਇਸ ਨੂੰ ਠੀਕ ਕਰ ਦੇਵੋ। ਇਹ ਕਸੌਲੀ ਦੇ ਪਤੇ ‘ਤੇ ਗਿਆ ਸੀ, ਉਥੋਂ ਅੱਜ ਹੀ ਰੀਡਾਇਰੈਕਟ ਹੋ ਕੇ ਆਇਆ ਹੈ। ਬੱਸ ਮਿਲਦੇ ਹੀ ਤੁਰ ਪਿਆ, ਲੇਟ ਵੀ ਹੋ ਗਿਆ ਸਗੋਂ। ਅਸਲ ‘ਚ ਕੁੱਝ ਸਮਾਂ ਪਹਿਲਾਂ ਉੱਥੋਂ ਨੌਕਰੀ ਛੱਡ ਕੇ ਇੱਥੇ ਸ਼ਿਮਲੇ ‘ਚ ਹੀ ਇੱਕ ਸਕੂਲ ‘ਚ ਆ ਗਿਆ ਹਾਂ, ਤੁਸੀਂ ਪਹਿਲਾਂ ਇਹਦੇ ‘ਚੋਂ TA-DA ਕੱਟ ਦੇਵੋ, ਫ਼ੇਰ ਕਰਦਾਂ ਸਾਈਨ ਮੈਂ।”
”ਰਹਿਣ ਦੇਵੋ ਇਸੇ ਤਰ੍ਹਾਂ। ਅਗਲੀ ਵਾਰ ਤੋਂ ਪਤਾ ਇੱਥੋਂ ਦਾ ਲਿਖ ਦੇਵਾਂਗੇ।”
ਮੈਂ ਕਟਿੰਗ ਤੋਂ ਬਚਣ ਲਈ ਕਿਹਾ।
ਉਨ੍ਹਾਂ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ, ”ਕਿਉਂ ਇਸ ਵਾਰ ਤੋਂ ਕਿਉਂ ਨਹੀਂ। ਮੈਂ ਤਾਂ ਇੱਥੋਂ ਹੀ ਆਇਆ ਹਾਂ, ਫ਼ੇਰ TA-DA ਕਿਉਂ ਲਵਾਂ ਮੈਂ? ”
ਅਨੇਕਾਂ ਵਾਰ ਉਹ ਉਸ ਤੋਂ ਬਾਅਦ ਵੀ ਰਿਕਾਰਡਿੰਗ ਕਰਵਾਉਣ ਆਏ। ਹਰ ਵਾਰ ਉਨ੍ਹਾਂ ਨੂੰ ਮਿਲਕੇ ਮੈਂ ਉਨ੍ਹਾਂ ਦੀ ਇਸ ਗੱਲ ਨੂੰ ਯਾਦ ਕੀਤਾ। ਜਿਸ ਦਿਨ ਉਨ੍ਹਾਂ ਦੇ ਇਸ ਸੰਸਾਰ ਨੂੰ ਛੱਡ ਕੇ ਜਾਣ ਦਾ ਪਤਾ ਲੱਗਿਆ ਉਸ ਦਿਨ ਵੀ ਸਭ ਤੋਂ ਪਹਿਲਾਂ ਇਹੀ ਗੱਲ ਯਾਦ ਆਈ। ਬੰਦੇ ਚਲੇ ਜਾ ਰਹੇ ਨੇ ਆਪਣੀਆਂ ਆਪਣੀਆਂ ਪੈੜਾਂ ਅਤੇ ਪਰਛਾਵੇਂ ਪਿਛਾਂਹ ਛੱਡ ਕੇ!