ਦਿੱਲੀ ਦੇ ਅਧਿਕਾਰੀਆਂ ਦਾ ‘ਨਾਜਾਇਜ਼’ ਇਸਤੇਮਾਲ ਕਰ ਰਹੀ ਭਾਜਪਾ : ਮਨੀਸ਼ ਸਿਸੋਦੀਆ

ਨਵੀਂ ਦਿੱਲੀ – ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਦੋਸ਼ ਲਗਾਇਆ ਕਿ ਉਹ ਸ਼ਹਿਰ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਦਬਾਉਣ ਲਈ ਦਿੱਲੀ ਦੇ ਅਧਿਕਾਰੀਆਂ ‘ਤੇ ‘ਗੈਰ-ਸੰਵਿਧਾਨਕ’ ਕੰਟਰੋਲ ਬਣਾਈ ਰੱਖਣਾ ਚਾਹੁੰਦੀ ਹੈ। ਸਿਸੋਦੀਆ ਦਾ ਇਹ ਇਲਜ਼ਾਮ ‘ਆਪ’ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ‘ਚ ਸਿਆਸੀ ਇਸ਼ਤਿਹਾਰਾਂ ‘ਤੇ ਕਥਿਤ ਤੌਰ ‘ਤੇ ਖਰਚ ਕੀਤੇ 163.62 ਕਰੋੜ ਰੁਪਏ ਦੀ ਵਸੂਲੀ ਲਈ ਜਾਰੀ ਕੀਤੇ ਨੋਟਿਸ ਤੋਂ ਬਾਅਦ ਆਇਆ ਹੈ। ਇਸ ਘਟਨਾਕ੍ਰਮ ਤੋਂ ਇਕ ਮਹੀਨਾ ਪਹਿਲਾਂ, ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ‘ਚ ਸਿਆਸੀ ਇਸ਼ਤਿਹਾਰ ਛਾਪਣ ਲਈ ‘ਆਪ’ ਤੋਂ 97 ਕਰੋੜ ਰੁਪਏ ਵਸੂਲਣ ਦਾ ਨਿਰਦੇਸ਼ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ (ਡੀ.ਆਈ.ਪੀ.) ਵੱਲੋਂ ਜਾਰੀ ਰਿਕਵਰੀ ਨੋਟਿਸ ‘ਚ ਉਕਤ ਰਕਮ ‘ਤੇ ਲਗਾਇਆ ਗਿਆ ਵਿਆਜ ਵੀ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨੋਟਿਸ ਤਹਿਤ ‘ਆਪ’ ਲਈ 10 ਦਿਨਾਂ ਦੇ ਅੰਦਰ-ਅੰਦਰ ਸਾਰੀ ਰਕਮ ਅਦਾ ਕਰਨੀ ਲਾਜ਼ਮੀ ਹੈ। ਇਕ ਸੂਤਰ ਨੇ ਕਿਹਾ,”ਦਿੱਲੀ ਦੇ ਉੱਪ ਰਾਜਪਾਲ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਆਦੇਸ਼ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ‘ਆਪ’ ਕਨਵੀਨਰ ਭੁਗਤਾਨ ਕਰਨ ‘ਚ ਅਸਫ਼ਲ ਰਹਿੰਦੇ ਹਨ, ਤਾਂ ਪਾਰਟੀ ਦੀਆਂ ਜਾਇਦਾਦਾਂ ਦੀ ਕੁਰਕੀ ਸਮੇਤ ਸਾਰੀਆਂ ਕਾਨੂੰਨੀ ਕਾਰਵਾਈਆਂ ਨੂੰ ਸਮਾਂਬੱਧ ਢੰਗ ਨਾਲ ਕੀਤਾ ਜਾਵੇਗਾ।” ਸਿਸੋਦੀਆ ਨੇ ਵੀਰਵਾਰ ਨੂੰ ਟਵੀਟ ਕੀਤਾ,“ਦਿੱਲੀ ਅਧਿਕਾਰੀਆਂ ‘ਤੇ ਗੈਰ-ਸੰਵਿਧਾਨਕ ਕੰਟਰੋਲ ਦੀ ਗੈਰ-ਕਾਨੂੰਨੀ ਵਰਤੋਂ ਨੂੰ ਵੇਖੋ—ਭਾਜਪਾ ਨੇ ਦਿੱਲੀ ਸਰਕਾਰ ਦੇ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ ਦੀ ਸਕੱਤਰ ਐਲਿਸ ਵਾਜ਼ (ਆਈਏਐਸ) ਤੋਂ ਨੋਟਿਸ ਦਿਵਾਇਆ ਹੈ ਕਿ 2017 ਤੋਂ ਦਿੱਲੀ ਦੇ ਬਾਹਰ ਦੇ ਰਾਜਾਂ ‘ ਦਿੱਤੇ ਗਏ ਇਸ਼ਤਿਹਾਰਾਂ ਦਾ ਖਰਚਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵਸੂਲਿਆ ਜਾਵੇਗਾ।” ਉਨ੍ਹਾਂ ਅੱਗੇ ਲਿਖਿਆ,“ਦਿੱਲੀ ਦੇ ਅਖਬਾਰਾਂ ‘ਚ ਭਾਜਪਾ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਇਸ਼ਤਿਹਾਰ ਛਪਦੇ ਹਨ। ਪੂਰੀ ਦਿੱਲੀ ‘ਚ ਭਾਜਪਾ ਦੇ ਮੁੱਖ ਮੰਤਰੀਆਂ ਦੀਆਂ ਫੋਟੋਆਂ ਵਾਲੇ ਸਰਕਾਰੀ ਹੋਰਡਿੰਗ ਲਗਾਏ ਗਏ ਹਨ। ਕੀ ਉਨ੍ਹਾਂ ਦਾ ਖਰਚਾ ਭਾਜਪਾ ਦੇ ਮੁੱਖ ਮੰਤਰੀਆਂ ਤੋਂ ਵਸੂਲਿਆ ਜਾਵੇਗਾ? ਸਿਸੋਦੀਆ ਨੇ ਕਿਹਾ,”ਕੀ ਇਸ ਲਈ ਭਾਜਪਾ ਦਿੱਲੀ ਦੇ ਅਧਿਕਾਰੀਆਂ ‘ਤੇ ਗੈਰ-ਸੰਵਿਧਾਨਕ ਕੰਟਰੋਲ ਬਣਾਈ ਰੱਖਣਾ ਚਾਹੁੰਦੀ ਹੈ?”