ਨੈਸ਼ਨਲ ਡੈਸਕ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ’ਤੇ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਜਿੱਥੇ ਪਿਛਲੇ ਸਾਲ ਏਅਰਪੋਰਟ ਤੋਂ 57 ਬੈਗ ਚੋਰੀ ਹੋ ਗਏ, ਉੱਥੇ ਹੀ ਚੋਰਾਂ ਵੱਲੋਂ ਲੋਕਾਂ ਦੀਆਂ ਜੇਬਾਂ ’ਚੋਂ 80 ਦੇ ਕਰੀਬ ਮੋਬਾਇਲ ਫੋਨ ਕੱਢ ਲਏ ਗਏ ਸਨ। ਇਸ ਤੋਂ ਇਲਾਵਾ ਏਅਰਪੋਰਟ ’ਤੇ 100 ਤੋਂ ਵੱਧ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਚੋਰੀ ਦੀਆਂ ਜ਼ਿਆਦਾਤਰ ਘਟਨਾਵਾਂ ਵਿਚ ਬੈਗਾਂ ਵਿਚੋਂ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਇਨ੍ਹਾਂ ਘਟਨਾਵਾਂ ਸਬੰਧੀ ਦਿੱਲੀ ਏਅਰਪੋਰਟ ਦੇ ਥਾਣੇ ਵਿਚ ਐੱਫ. ਆਈ. ਆਰ. ਵੀ ਦਰਜ ਕਰਵਾਈਆਂ ਗਈਆਂ ਹਨ ਪਰ ਕਰੀਬ 12 ਹਜ਼ਾਰ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਦਿੱਲੀ ਏਅਰਪੋਰਟ ਵਿਚ ਇਨ੍ਹਾਂ ਘਟਨਾਵਾਂ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਹੈ।
ਚੋਰ ਇੰਝ ਦਿੰਦੇ ਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ
ਹਵਾਈ ਅੱਡੇ ’ਤੇ ਚੋਰ ਕਈ ਵਾਰੀ ਬੈਗ ਨੂੰ ਇਸ ਤਰ੍ਹਾਂ ਕੱਟ ਦਿੰਦੇ ਹਨ ਕਿ ਜਾਂ ਤਾਂ ਇਸ ਦੀ ਜਿੱਪ ਖੁੱਲ੍ਹ ਜਾਂਦੀ ਹੈ, ਜਾਂ ਉਹ ਫੱਟ ਜਾਂਦਾ ਹੈ। ਇਸ ਤੋਂ ਬਾਅਦ ਉਹ ਸਾਮਾਨ ਬਾਹਰ ਕੱਢ ਲੈਂਦੇ ਹੈ। ਜਿੱਪ ’ਤੇ ਪੈੱਨ ਦੇ ਨੁਕੀਲੇ ਹਿੱਸੇ ਨੂੰ ਮਾਰ ਕੇ ਵੀ ਖੋਲ੍ਹਿਆ ਜਾਂਦਾ ਹੈ। ਉਹ ਮਾਲ ਕੱਢਣ ਤੋਂ ਬਾਅਦ ਜਿੱਪ ਬੰਦ ਕਰਨ ਦਾ ਹੁਨਰ ਵੀ ਜਾਣਦੇ ਹਨ। ਪਿਛਲੇ ਸਾਲ ਦਸੰਬਰ ’ਚ ਸੀਨੀਅਰ ਪੁਲਸ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਅੰਦਰ ਜਾ ਕੇ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ। ਅਧਿਕਾਰੀਆਂ ਨੇ ਦੇਖਿਆ ਕਿ ਲੋਡਰ ਟਰਾਲੀ ਵਿਚ ਸਾਮਾਨ ਚੁੱਕ ਕੇ ਜਹਾਜ਼ ਵਿਚ ਲੈ ਜਾਂਦੇ ਹਨ।
ਇਹ ਦੂਰੀ ਕਦੇ 100 ਮੀਟਰ ਤਾਂ ਕਦੇ ਇਕ ਕਿਲੋਮੀਟਰ ਤੱਕ ਵੀ ਰਹਿੰਦੀ ਹੈ। ਲੋਡਰ ਇਸ ਦੌਰਾਨ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਵਿਚ ਨਹੀਂ ਰਹਿੰਦੇ ਹਨ। ਪੁਲਸ ਦਾ ਮੰਨਣਾ ਹੈ ਕਿ ਇਸੇ ਦੌਰਾਨ ਮੌਕੇ ਦਾ ਫਾਇਦਾ ਚੁੱਕ ਕੇ ਬੈਗ ਦੇ ਅੰਦਰ ਰੱਖੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਜਾਂਦਾ ਹੈ।
ਪੁਲਸ ਨੇ ਐਂਟੀ ਥੈਫ਼ਟ ਟੀਮ ਦਾ ਕੀਤਾ ਗਠਨ
ਜਾਂਚ ਦੇ ਆਧਾਰ ’ਤੇ ਪੁਲਸ ਅਤੇ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਓਰਿਟੀ (ਬੀ. ਸੀ. ਏ. ਐੱਸ.) ਨੇ ਵੱਖ-ਵੱਖ ਏਅਰਲਾਈਨਾਂ ਨਾਲ ਮੀਟਿੰਗ ਕੀਤੀ ਹੈ। ਇਸ ਵਿਚ ਚੋਰੀ ਰੋਕਣ ਦੇ ਉਪਾਅ ਦੱਸੇ ਗਏ ਹਨ। ਪੁਲਸ ਨੇ ਹੁਣ ਚੋਰੀ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ ਐਂਟੀ ਥੈਫ਼ਟ ਟੀਮ ਦਾ ਗਠਨ ਕੀਤਾ ਹੈ। ਇਹ ਟੀਮ ਸਾਦੀ ਵਰਦੀ ਵਿਚ ਏਅਰਪੋਰਟ ਦੇ ਅੰਦਰ ਨਜ਼ਰ ਰੱਖੇਗੀ। ਏਅਰਲਾਈਨਜ਼ ਨੂੰ ਸਾਮਾਨ ਰੱਖਣ ਵਾਲੇ ਸਥਾਨਾਂ ’ਤੇ ਕੈਮਰੇ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਚੋਰੀ ਦੀਆਂ ਘਟਨਾਵਾਂ ਦੌਰਾਨ ਕਿਹੜੇ ਲੋਡਰ ਡਿਊਟੀ ’ਤੇ ਸਨ।
ਇਨ੍ਹਾਂ ਘਟਨਾਵਾਂ ਨੂੰ ਲੈ ਕੇ ਮੌਜੂਦ ਵੱਖ-ਵੱਖ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਜੀ. ਐੱਮ. ਆਰ. ਨੂੰ ਇਸ ਤੱਥ ਬਾਰੇ ਢੁੱਕਵੇਂ ਕਦਮ ਚੁੱਕਣ ਲਈ ਕਿਹਾ ਗਿਆ ਹੈ ਕਿ ਹਵਾਈ ਅੱਡੇ ’ਤੇ ਜਿੱਥੇ ਜਹਾਜ਼ ਖੜ੍ਹੇ ਹੁੰਦੇ ਹਨ, ਉੱਥੇ ਸੀ. ਸੀ. ਟੀ. ਵੀ. ਕੈਮਰੇ ਤਾਂ ਹਨ ਪਰ ਟਰਾਲੀ ਲਿਜਾਉਣ ਵਾਲੇ ਰੂਟ ’ਤੇ ਸੀ. ਸੀ. ਟੀ. ਵੀ. ਨਹੀਂ ਹਨ।