ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

ਅੰਮ੍ਰਿਤਸਰ- ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਹੈਲਮੈਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਫ਼ੈਸਲੇ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਟੋਪ ਪਾਉਣਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਕੇਂਦਰ ਨੂੰ ਇਸ ਮਾਮਲੇ ‘ਤੇ ਗੌਰ ਕਰਨਾ ਚਾਹੀਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਫ਼ੌਜੀਆਂ ਨੇ ਹਮੇਸ਼ਾ ਦਸਤਾਰ ਸਜਾ ਕੇ ਜੰਗਾਂ ਲੜੀਆਂ ਹਨ। ਬਿਨਾਂ ਕਿਸੇ ਲੋਹ ਟੋਪ ਦੇ ਜੰਗ ਦੇ ਮੈਦਾਨ ‘ਚ ਜਾਣਾ ਸਿੱਖਾਂ ਦਾ ਇਤਿਹਾਸ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦਸਤਾਰ ਸਿੱਖ ਦੇ ਸਿਰ ‘ਤੇ ਬੰਨ੍ਹਿਆ ਹੋਇਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਸਗੋਂ ਇਹ ਤਾਂ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਿਆ ਤਾਜ ਹੈ। ਸਿੱਖਾਂ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ ਤੇ ਸਿੱਖ ਫ਼ੌਜੀਆਂ ਨੂੰ ਕਿਸੇ ਤਰ੍ਹਾਂ ਦਾ ਟੋਪ ਜਾਂ ਹੈਲਮੈਟ ਪਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਮੁੜ ਇਸ ਫ਼ੈਸਲੇ ‘ਤੇ ਗੌਰ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਜਲਦ ਹੀ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੈਲਿਸਟਿਕ ਹੈਲਮੈਟ ਦਾ ਤੋਹਫ਼ਾ ਮਿਲਣ ਵਾਲਾ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰਾਲਾ ਵਲੋਂ ਖ਼ਰੀਦ ਲਈ ਇਹ ਇਕ ਤਰ੍ਹਾਂ ਦਾ ਪਹਿਲਾ ਹੁਕਮ ਹੈ। ਰੱਖਿਆ ਮੰਤਰਾਲਾ ਨੇ ਐਮਰਜੈਂਸੀ ਖ਼ਰੀਦ ਪ੍ਰਕਿਰਿਆ ਤਹਿਤ 12,730 ਹੈਲਮੈਟ ਖ਼ਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਜਾਰੀ ਕੀਤਾ ਹੈ।