ਇੱਕ ਸਿਰੜ ਦਾ ਨਾਂ ਹੈ ਹਰਸ਼ਰਨ ਸਿੰਘ

ਡਾਇਰੀ ਦਾ ਪੰਨਾ/ਨਿੰਦਰ ਘੁਗਿਆਣਵੀ
ਬਾਬਾ ਫ਼ਰੀਦ ਜੀ ਦੀ ਵਰੋਸਾਈ ਧਰਤੀ ਫ਼ਰੀਦਕੋਟ ਦੇ ਰੰਗਮੰਚ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਕੇ ਹਰਸ਼ਰਨ ਸਿੰਘ ਅੱਜ ਪੰਜਾਬੀ ਸਿਨੇਮਾਂ ਦਾ ਇੱਕ ਸਥਾਪਿਤ ਨਾਮ ਹੈ। ਮੈਂ ਉਸ ਨੂੰ ਉਹਦੇ ਬਚਪਨ ਤੋਂ ਲੈ ਕੇ ਹੁਣ ਤਕ ਪੋਟਾ-ਪੋਟਾ ਉੱਸਰਦਿਆਂ ਨਿੱਸਰਦਿਆਂ ਦੇਖਿਆ ਹੈ। ਜਨੂੰਨ, ਮਿਹਨਤ, ਲਗਨ ਅਤੇ ਸਿਰੜ ਉਸ ‘ਚ ਕੁਦਰਤ ਨੇ ਕੁਟ ਕੁਟ ਕੇ ਭਰਿਆ ਹੋਇਐ। ਉਹ ਬਚਪਨ ਤੋਂ ਹੀ ਆਪਣੀ ਰੰਗਮੰਚੀ ਸੁਰ ‘ਚ ਮਸਤ ਰਿਹਾ ਹੈ। ਛੋਟੀ ਉਮਰੇ ਬੜਾ ਕੰਮ ਕੀਤਾ ਹੈ ਉਹਨੇ।
ਉਸ ਨੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਬਹੁਤ ਸਿਦਕ, ਸ਼ਿੱਦਤ ਅਤੇ ਅਣਥੱਕ ਮਿਹਨਤ ਨਾਲ ਨਿਖਾਰਿਆ ਅਤੇ ਸੰਵਾਰਿਆ ਹੈ। ਖ਼ਾਸ ਤੌਰ ‘ਤੇ ਉਹਨੇ ਫ਼ਿਲਮਾਂ ਚੱਕ ਜਵਾਨਾ, ਪੰਜਾਬ 1984 ਅਤੇ ਖ਼ੂਨ ਵਰਗੀਆਂ ਅਨੇਕਾਂ ਕਾਮਯਾਬ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਹਰਸ਼ਨ ਸਿੰਘ ਹੁਣ ਆਉਣ ਵਾਲੀ 13 ਜਨਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ‘ਚ ਬਤੌਰ ਨਾਇਕ ਰੇਂਜ ਰੋਡ 290 (RANGE ROAD 290) ਫ਼ਿਲਮ ਲੈ ਕੇ ਦਰਸ਼ਕਾਂ ਦੀ ਕਚਿਹਰੀ ‘ਚ ਪੇਸ਼ ਹੋ ਰਿਹਾ ਹੈ। ਉਮੀਦ ਹੈ ਹਮੇਸ਼ਾਂ ਦੀ ਤਰ੍ਹਾਂ ਤੁਸੀਂ ਸਿਨੇਮਾਂ ਘਰਾਂ ‘ਚ ਜਾ ਕੇ ਹਰਸ਼ਰਨ ਨੂੰ ਪਿਆਰ ਦੇਵੋਂਗੇ।
ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਸੰਪਾਦਕ ਸਤਿੰਦਰ ਕੱਸੋਆਣਾ ਹਨ। ਫ਼ਿਲਮ ਦੀ ਸ਼ੂਟਿੰਗ ਕੈਲਗਰੀ ਕੈਨੇਡਾ ਦੀਆਂ ਵੱਖ ਵੱਖ ਖ਼ੂਬਸੂਰਤ ਲੋਕੇਸ਼ਨਜ਼ ‘ਤੇ ਹੋਈ ਹੈ। ਕੈਮਰਾ ਚਲਾਇਆ ਹੈ ਸ਼ਾਹਜ਼ਾਦ ਪਾਸ਼ਾ ਨੇ। ਹਰਸ਼ਰਨ ਸਿੰਘ ਦੀ ਹੀਰੋਇਨ ਦੇ ਤੌਰ ‘ਤੇ ਅਰਸ਼ ਪੁਰਬਾ ਹੈ। ਨਾਲ ਹੀ ਅਮਨਿੰਦਰ ਢਿੱਲੋਂ, ਸਤਿੰਦਰ ਕੱਸੋਆਣਾ, ਦਲਜੀਤ ਸੰਧੂ, ਪਿਪਨ ਕੁਮਾਰ, ਸਟੂਅਰਟ ਬੇਂਟਲੇ, ਟਰੋਯ ਗਰੀਨਵੁੱਡ, ਗੈਰੀ ਟ੍ਰੈਵਰ ਆਦਿ ਆਪਣੀ ਅਦਾਕਾਰੀ ਦੇ ਜੌਹਰ ਬਿਖੇਰ ਰਹੇ ਹਨ।
ਇਹੋ ਜਿਹੇ ਲਗਨਸ਼ੀਲ, ਉਤਸ਼ਾਹੀ ਅਤੇ ਕੁਦਰਤ ਦੇ ਵਰੋਸਾਏ ਕਲਾਕਾਰ ਕਿਸੇ ਸੂਰਜ ਵਾਂਗ ਬਹੁਤੀ ਦੇਰ ਬੱਦਲਾਂ ‘ਚ ਲੁਕੇ ਨਹੀਂ ਰਹਿ ਸਕਦੇ ਹੁੰਦੇ, ਅਤੇ ਇੱਕ ਨਾ ਇੱਕ ਦਿਨ ਚੜਨਾ ਹੀ ਹੁੰਦੈ ਸੂਰਜ ਨੇ। ਸਾਡਾ ਹਰਸ਼ਰਨ ਸਿੰਘ ਨਵਾਂ ਤੇ ਨਿਵੇਕਲਾ ਫ਼ਿਲਮੀ ਸੂਰਜ ਹੈ। ਇਸ ਦਾ ਕਲਾ ਦੀ ਤਪਿਸ਼ ਅਤੇ ਨਿਘਾਸ ਦਰਸ਼ਕਾਂ ਨੂੰ ਮੋਹੇਗਾ॥ ਮੇਰੀ ਡਾਇਰੀ ਦਾ ਪੰਨਾ ਉਸ ਵਾਸਤੇ ਸ਼ੁਭ ਕਾਮਨਾ ਕਰ ਰਿਹੈ।
—-