ਜਿਸ ਵਿਅਕਤੀ ਦੇ ਮਨ ‘ਚ ਉਦੇਸ਼ ਦੀ ਇੱਕ ਵਾਸਤਵਿਕ ਭਾਵਨਾ ਹੋਵੇ, ਉਸ ਲਈ ਸਾਰੀਆਂ ਸੜਕਾਂ ਇੱਕ ਹੀ ਮੰਜ਼ਿਲ ਵੱਲ ਜਾਂਦੀਆਂ ਹਨ। ਪਰ ਜਿਸ ਬੰਦੇ ਦੀ ਕਿਤੇ ਵੀ ਜਾਣ ਦੀ ਸੱਚਮੁੱਚ ਹੀ ਕੋਈ ਇੱਛਾ ਨਾ ਹੋਵੇ, ਇੱਕ ਸਾਫ਼ ਸੜਕ ‘ਤੇ ਇੱਕ ਤੇਜ਼-ਤਰਾਰ ਵਾਹਨ ‘ਚ ਹੋਣਾ ਵੀ ਇੱਕ ਸਫ਼ਲ ਯਾਤਰਾ ਦੀ ਗੈਰੰਟੀ ਨਹੀਂ ਹੁੰਦਾ। ਇਸ ਵਕਤ ਇਹ ਇੱਕ ਚੰਗਾ ਵੇਲਾ ਹੈ ਇਸ ਬਾਰੇ ਇੱਕ ਸਪੱਸ਼ਟ ਟੀਚਾ ਸੈੱਟ ਕਰਨ ਦਾ, ਉਸ ਨੂੰ ਬਰਕਰਾਰ ਰੱਖਣ ਦਾ ਅਤੇ ਪੁਸ਼ਟੀ ਕਰਨ ਦਾ ਕਿ ਆਪਣੇ ਭਾਵਨਾਤਮਕ ਜਾਂ ਰੋਮੈਂਟਿਕ ਜੀਵਨ ‘ਚ ਤੁਸੀਂ ਸੱਚਮੁੱਚ ਕੀ ਹਾਸਿਲ ਕਰਨਾ ਚਾਹੁੰਦੇ ਹੋ। ਜੇ ਤੁਸੀਂ ਇਹ ਸਥਾਪਿਤ ਕਰ ਸਕੇ, ਤੁਸੀਂ ਅੰਤ ਨੂੰ ਆਪਣਾ ਮਨੋਰਥ ਹਾਸਿਲ ਕਰ ਲਵੋਗੇ, ਭਾਵੇਂ, ਹਾਲ ਦੀ ਘੜੀ, ਤੁਹਾਡੀ ਇਕਲੌਤੀ ਚੋਣ ਹੈ ਇੱਕ ਬਹੁਤ ਹੀ ਪੇਚੀਦਾ ਪੰਧ ਅਪਨਾ ਕੇ ਆਪਣੀ ਮੰਜ਼ਿਲ ਵੱਲ ਵਧਣਾ।
ਇਸ ਤੱਥ ਦੇ ਬਾਵਜੂਦ ਕਿ ਤੁਸੀਂ ਬਹੁਤੀਆਂ ਚੀਜ਼ਾਂ ਬਾਰੇ ਸਹੀ ਹੁੰਦੇ ਹੋ, ਅਕਸਰ, ਦੂਸਰੇ ਲੋਕ ਹਮੇਸ਼ਾ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ। ਆਮ ਤੌਰ ‘ਤੇ, ਅਜਿਹਾ ਇਸ ਲਈ ਹੁੰਦੈ ਕਿਉਂਕਿ ਉਹ ਇਸ ਬਾਰੇ ਬਿਲਕੁਲ ਗ਼ਲਤ ਹਨ। ਸ਼ਾਇਦ ਇਸ ਵਕਤ ਵੀ ਇਹੋ ਸਥਿਤੀ ਹੋਵੇ। ਪਰ ਸ਼ਾਇਦ ਨਾ ਵੀ ਹੋਵੇ। ਸੁਰੱਖਿਆ ਦੇ ਨਜ਼ਰੀਏ ਤੋਂ, ਸ਼ਾਇਦ ਤੁਹਾਨੂੰ ਕਿਸੇ ਖ਼ਾਸ ਕਹਾਣੀ ਦੇ ਦੂਸਰੇ ਪੱਖ ਨੂੰ ਵਿਚਾਰਣ ਬਾਰੇ ਸੋਚਣਾ ਚਾਹੀਦਾ ਹੈ। ਕੋਈ ਤੱਥ ਅਜਿਹਾ ਹੋ ਸਕਦੈ ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਕਰ ਰਹੇ ਹੋ। ਮੁਮਕਿਨ ਹੈ ਕਿ ਜਾਂ ਤਾਂ ਕੋਈ ਵਿਅਕਤੀ ਤਰਕਹੀਣ ਬਣ ਰਿਹੈ ਅਤੇ ਮੂਰਖਤਾਪੂਰਣ ਬਹਿਸ ਕਰ ਰਿਹੈ – ਜਾਂ ਤੁਹਾਨੂੰ ਉਸ ਦੇ ਮੁੱਦੇ ਨੂੰ ਸਮਝਣ ਦੀ ਲੋੜ ਹੈ। ਸੁਣਨ ਦੀ ਕਾਬਲੀਅਤ ਬਹੁਤ ਫ਼ਲਦਾਇਕ ਸਾਬਿਤ ਹੋ ਸਕਦੀ ਹੈ।
ਜਦੋਂ ਇੱਕ ਵਾਰ ਕਿਸੇ ਦਰਿਆ ‘ਤੇ ਪੁਲ ਉਸਾਰ ਲਿਆ ਜਾਂਦੈ, ਉਸ ਦੇ ਦੂਸਰੇ ਪਾਰ ਪਹੁੰਚਣਾ ਬਹੁਤ ਸੌਖਾ ਹੋ ਜਾਂਦਾ ਹੈ। ਉਸ ਤੋਂ ਪਹਿਲਾਂ, ਇਹ ਕਾਰਜ ਮੁਸ਼ਕਿਲ ਸੀ। ਤੁਹਾਨੂੰ ਇੱਕ ਕਿਸ਼ਤੀ ਦੀ ਲੋੜ ਸੀ। ਜਾਂ ਘਟੋਘੱਟ ਰਬੜ ਦੀ ਇੱਕ ਬੇੜੀ ਦੀ। ਜਾਂ ਤੁਹਾਨੂੰ ਉਹ ਦਰਿਆ ਤੈਰ ਕੇ ਪਾਰ ਕਰਨਾ ਪੈਂਦਾ ਸੀ। ਜੇ ਤੁਸੀਂ ਕੋਈ ਪੁਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਨੂੰ ਇੱਕ ਲੰਬੀ-ਚੌੜੀ ਪ੍ਰਕਿਰਿਆ ‘ਚੋਂ ਲੰਘਣ ਲਈ ਤਿਆਰ ਰਹਿਣਾ ਪੈਣਾ ਹੈ। ਇਹ ਇੰਝ ਹੈ ਜਿਵੇਂ ਤੁਹਾਨੂੰ ਇਸ ਵਕਤ ਕਿਸੇ ਨਤੀਜੇ ਨੂੰ ਹਾਸਿਲ ਕਰਨ ਬਾਰੇ ਤਾਂ ਦੱਸਿਆ ਜਾ ਰਿਹਾ ਹੈ, ਪਰ ਕੋਈ ਇਹ ਦੱਸਣਾ ਭੁੱਲ ਰਿਹਾ ਹੈ ਕਿ ਸਫ਼ਲਤਾ ਹਾਸਿਲ ਕਰਨ ਲਈ ਕਿੰਨਾ ਟਾਈਮ, ਕਿੰਨੀ ਤਾਕਤ ਅਤੇ ਕੋਸ਼ਿਸ਼ ਦਰਕਾਰ ਹੋਣਗੇ।
ਜੇ ਤੁਸੀਂ ਕਿਸੇ ਲਾਲ ਬੱਤੀ ‘ਤੇ ਖੜ੍ਹੇ ਹੋਵੋ ਤਾਂ ਆਪਣੀ ਗੱਡੀ ਦੇ ਇੰਜਨ ਨੂੰ ਰੇਸ ਨਾ ਦਿਓ। ਇਸ ਨਾਲ ਈਂਧਣ ਜ਼ਾਇਆ ਹੁੰਦਾ ਹੈ, ਹਵਾ ਪ੍ਰਦੂਸ਼ਿਤ ਹੁੰਦੀ ਹੈ, ਆਲੇ-ਦੁਆਲੇ ਦੇ ਲੋਕ ਨਾਰਾਜ਼ ਹੁੰਦੇ ਹਨ, ਪੈਦਲ ਜਾਂਦੇ ਲੋਕ ਡਰ ਜਾਂਦੇ ਨੇ ਅਤੇ … ਖ਼ੈਰ, ਮੈਨੂੰ ਇਹ ਸੂਚੀ ਜਾਰੀ ਰੱਖਣ ਦੀ ਕੋਈ ਲੋੜ ਨਹੀਂ। ਇਹ, ਮੈਨੂੰ ਪੂਰਾ ਯਕੀਨ ਹੈ, ਕੋਈ ਅਜਿਹੀ ਸ਼ੈਅ ਨਹੀਂ ਜੋ ਕਰਨ ਦਾ ਤੁਸੀਂ ਸੁਪਨਾ ਲੈ ਰਹੇ ਹੋਵੋਗੇ। ਪਰ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਇਸ ਵਕਤ ਕਿਤੇ, ਇੰਝ ਜਾਪਦੈ ਕੁੱਝ ਵੀ ਬਦਲ ਨਹੀਂ ਰਿਹਾ। ਫ਼ਿਰ ਵੀ ਤੁਸੀਂ ਇੱਕ ਮਹੱਤਵਪੂਰਨ ਪ੍ਰਗਤੀ ਕਰਨ ਲਈ ਕਾਹਲੇ ਹੋ। ਤੁਸੀਂ ਵਿਆਕੁਲ ਹੋਣ ਤੋਂ ਤਾਂ ਖ਼ੁਦ ਨੂੰ ਰੋਕ ਨਹੀਂ ਸਕਦੇ, ਪਰ ਉਸ ਤਾਕਤ ਨੂੰ ਇੱਕ ਫ਼ੈਲਣ ਵਾਲਾ ਤਨਾਅ ਹਰਗਿਜ਼ ਨਾ ਬਣਨ ਦਿਓ। ਸਫ਼ਲਤਾ ਦੇ ਸਪਨੇ ਨੂੰ ਸ਼ਾਂਤੀ ਨਾਲ ਆਪਣੇ ਜ਼ਹਿਨ ‘ਚ ਵਸਾਓ, ਅਤੇ ਤੁਸੀਂ ਉਸ ਨੂੰ ਸਾਕਾਰ ਕਰ ਲਓਗੇ।
ਤੁਸੀਂ ਤਬਦੀਲੀ ਲਿਆ ਸਕਦੇ ਹੋ ਜੇ ਤੁਸੀਂ ਤਬਦੀਲੀ ਚਾਹੁੰਦੇ ਹੋ ਤਾਂ, ਪਰ ਕੀ ਤੁਸੀਂ ਤਬਦੀਲੀ ਚਾਹੁੰਦੇ ਹੋ? ਜੇ ਤੁਸੀਂ ਚਾਹੋ ਤਾਂ ਸਥਿਤੀ ਨੂੰ ਜਿਓਂ ਦਾ ਤਿਓਂ ਬਰਕਰਾਰ ਰੱਖ ਸਕਦੇ ਹੋ (ਜਾਂ ਘੱਟੋਘੱਟ ਉਸ ‘ਚੋਂ ਬਹੁਤੀ ਨੂੰ), ਪਰ ਕੀ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ? ਵੱਡਾ ਸਵਾਲ ਇਹ ਨਹੀਂ, ‘ਤੁਹਾਡਾ ਮੌਕਾ ਕਿੱਥੇ ਹੈ।’ ਉਹ ਹੈ, ‘ਤੁਹਾਡੀ ਪ੍ਰੇਰਨਾ ਕੀ ਹੈ।’ ਜੇ ਤੁਸੀਂ ਅਨਿਸ਼ਚਿਤ ਹੋ, ਕਿਸ ਹੱਦ ਤਕ ਇਹ ਇਸ ਲਈ ਹੈ ਕਿਉਂਕਿ ਤੁਸੀਂ ਸੱਚਮੁੱਚ ਕੀ ਮਹਿਸੂਸ ਕਰ ਰਹੇ ਹੋ, ਇਹ ਮੰਨਣ ਦੀ ਤੁਹਾਡੇ ‘ਚ ਹਿੰਮਤ ਨਹੀਂ? ਜੇ ਤੁਸੀਂ ਨਿਸ਼ਚਿਤ ਹੋ, ਕਿਸ ਹੱਦ ਤਕ ਇਹ ਉਨ੍ਹਾਂ ਵਿਕਲਪਾਂ ਨੂੰ ਮਿਟਾਉਣ ਦੀ ਇੱਕ ਦ੍ਰਿੜ ਕੋਸ਼ਿਸ਼ ਹੈ ਜਿਨ੍ਹਾਂ ਬਾਰੇ ਸੋਚਣ ਤੋਂ ਵੀ ਤੁਸੀਂ ਡਰ ਰਹੇ ਹੋ? ਇਨ੍ਹਾਂ ਗੱਲਾਂ ਦਾ ਹੱਲ ਕਰੋ, ਅਤੇ ਤੁਹਾਡਾ ਭਾਵਨਾਤਮਕ ਜੀਵਨ ਖ਼ੁਦ-ਬ-ਖ਼ੁਦ ਆਪਣਾ ਹੱਲ ਕੱਢ ਲਵੇਗਾ।