ਆਲੀਆ ਨੂੰ ਪਿਆਰ ਨਾਲ ਅੰਮਾ ਭੱਟ ਕਪੂਰ ਕਹਿੰਦੈ ਸ਼ਾਹਰੁਖ਼

ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਆਖਿਆ ਕਿ ਉਹ ਅਦਾਕਾਰਾ ਆਲੀਆ ਭੱਟ ਨੂੰ ਪਿਆਰ ਨਾਲ ਅੰਮਾ ਭੱਟ ਕਪੂਰ ਕਹਿ ਕੇ ਬੁਲਾਉਂਦਾ ਹੈ। ਇਸ ਤੋਂ ਪਹਿਲਾਂ ਆਲੀਆ ਨੇ ਆਖਿਆ ਸੀ ਕਿ ਫ਼ਿਲਮ ਪਠਾਣ’ਦੀ ਰਿਲੀਜ਼ ਮਗਰੋਂ ਉਹ ਸ਼ਾਹਰੁਖ਼ ਨੂੰ ਪਠਾਣ ਕਿਹਾ ਕਰੇਗੀ। ਸ਼ਾਹਰੁਖ਼ ਖ਼ਾਨ ਨੇ ਇਹ ਖ਼ੁਲਾਸਾ ਆਪਣੇ ਪ੍ਰਸ਼ੰਸਕਾਂ ਲਈ ਟਵਿਟਰ ‘ਤੇ ਚਲਾਏ ਜਾਂਦੇ ਆਸ਼ਕ SRK ਸੈਸ਼ਨ ਦੌਰਾਨ ਕੀਤਾ। ਆਲੀਆ ਨੇ ਵੀ ਇਸ ਸੈਸ਼ਨ ‘ਚ ਭਾਗ ਲਿਆ।
ਦੋਵੇਂ ਅਦਾਕਾਰਾਂ ਨੇ ਇੱਕ-ਦੂਜੇ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੱਤਾ। ਇੱਕ ਪ੍ਰਸ਼ੰਸਕ ਨੇ ਸ਼ਾਹਰੁਖ਼ ਨੂੰ ਪੁੱਛਿਆ, ”ਆਲੀਆ ਤੁਹਾਨੂੰ ਸਿਰਫ਼ SR ਕਹਿ ਕੇ ਕਿਓਂ ਬੁਲਾਉਂਦੀ ਹੈ?” ਇਸ ਦੇ ਜਵਾਬ ‘ਚ ਸ਼ਾਹਰੁਖ਼ ਨੇ ਪੁੱਛਿਆ, ”SR ਦਾ ਮਤਲਬ ਕੀ ਹੋ ਸਕਦਾ ਹੈ?” ਇਸ ਦਾ ਜਵਾਬ ਦਿੰਦਿਆਂ ਉਸ ਨੇ ਕਿਹਾ, ”ਇਸ ਦਾ ਮਤਲਬ ਸਵੀਟ ਤੇ ਰੁਮੈਂਟਿਕ ਹੋ ਸਕਦਾ ਹੈ ਜਾਂ ਸੀਨੀਅਰ ਅਤੇ ਰਿਸਪੈਕਟਫ਼ੁਲ ਜਾਂ ਫ਼ਿਰ ਸਿਰਫ਼ ਸ਼ਾਹਰੁਖ਼ ਵੀ ਹੋ ਸਕਦਾ ਹੈ।” ਇਸ ਦਾ ਜਵਾਬ ਦਿੰਦਿਆਂ ਆਲੀਆ ਨੇ ਕਿਹਾ, ”ਜ਼ਿਆਦਾਤਰ ਸਵੀਟ ਅਤੇ ਰਿਸਪੈਕਟਿਡ ਹੈ … ਪਰ 25 ਜਨਵਰੀ ਤੋਂ ਬਾਅਦ ਮੈਂ ਤੁਹਾਨੂੰ ਪਠਾਣ ਕਹਿਣਾ ਸ਼ੁਰੂ ਕਰ ਦਿਆਂਗੀ … ਦੇਖੋ ਮੈਂ ਕਿੰਨੀ ਰਚਨਾਤਮਕ ਹਾਂ… ਹੈ ਨਾ?” ਆਲੀਆ ਦੀ ਇਸ ਪ੍ਰਤੀਕਿਰਿਆ ਦੇ ਜਵਾਬ ‘ਚ ਸ਼ਾਹਰੁਖ਼ ਨੇ ਆਲੀਆ ਦੀ ਨਿੱਕੀ ਧੀ ਵੱਲ ਇਸ਼ਾਰਾ ਕਰਦਿਆਂ ਕਿਹਾ, ”ਅੱਜ ਤੋਂ ਮੈਂ ਤੁਹਾਨੂੰ ਅੰਮਾ ਭੱਟ ਕਪੂਰ ਕਿਹਾ ਕਰਾਂਗਾ।”