ਪੰਜਾਬ ਕੈਬਨਿਟ ‘ਚ ਅੱਜ ਹੋ ਸਕਦੈ ਵੱਡਾ ਫੇਰਬਦਲ, ਨਵੇਂ ਚਿਹਰਿਆਂ ਦੀ ਹੋਵੇਗੀ ਐਂਟਰੀ

ਪਟਿਆਲਾ/ਚੰਡੀਗੜ੍ਹ – ਪੰਜਾਬ ਮੰਤਰੀ ਮੰਡਲ ਵਿਚ ਅੱਜ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖ਼ਬਰ ਇਹ ਮਿਲੀ ਹੈ ਕਿ ਪੰਜਾਬ ਸਰਕਾਰ ਪਟਿਆਲਾ ਦਿਹਾਤੀ ਤੋਂ ਡਾਕਟਰ ਬਲਬੀਰ ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮਹਿਕਮਾ ਸੌਂਪਿਆ ਜਾ ਸਕਦਾ ਹੈ।
ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵੱਲੋਂ ਅੱਜ ਅਸਤੀਫ਼ਾ ਦੇ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫ਼ੌਜਾ ਸਿੰਘ ਸਰਾਰੀ ਨੇ ਖ਼ੁਰਾਕ ਅਤੇ ਬਾਗਬਾਨੀ ਮੰਤਰਾਲਾ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਦੱਸਣਯੋਗ ਹੈ ਕਿ ਫ਼ੌਜਾ ਸਿੰਘ ਸਰਾਰੀ ਗੁਰੂਹਰਸਰਾਏ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਹ ਅਸਤੀਫ਼ਾ ਨਿੱਜੀ ਕਾਰਨਾਂ ਕਰਕੇ ਦਿੱਤਾ ਗਿਆ ਹੈ। ਪੰਜਾਬ ਕੈਬਨਿਟ ‘ਚ ਅੱਜ ਕਈ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ। ਇਸ ਤੋਂ ਇਲਾਵਾ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਅੱਜ ਸ਼ਾਮ 5 ਵਜੇ ਰਾਜਪਾਲ ਰਿਹਾਇਸ਼ ‘ਚ ਇਕ ਸਾਦੇ ਪ੍ਰੋਗਰਾਮ ‘ਚ ਨਵੇਂ ਚਿਹਰਿਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ।