WHO ਦੀ ਚਿਤਾਵਨੀ, ਹੁਣ ਤੱਕ ਸਭ ਤੋਂ ਤੇਜ਼ੀ ਨਾਲ ਫ਼ੈਲਣ ਵਾਲਾ ਵੇਰੀਐਂਟ ਹੈ ਕ੍ਰਾਕੇਨ

ਨਵੀਂ ਦਿੱਲੀ -ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਦਾ ਨਵਾਂ ਵੇਰੀਐਂਟ ਐਕਸ. ਬੀ. ਬੀ. 1.5 ਹੁਣ ਤੱਕ ਪਾਏ ਗਏ ਇਸ ਬੀਮਾਰੀ ਦੇ ਸਾਰੇ ਵੇਰੀਐਂਟਸ ’ਚ ਸਭ ਤੋਂ ਜ਼ਿਆਦਾ ਇਨਫੈਕਟਿਡ ਹੈ। ਅਮਰੀਕਾ ਤੋਂ ਬਾਅਦ ਬ੍ਰਿਟੇਨ ’ਚ ਵੀ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵੇਰੀਐਂਟ ਨੂੰ ਕ੍ਰਾਕੇਨ ਨਾਂ ਦਿੱਤਾ ਗਿਆ ਹੈ। ਡਬਲਯੂ. ਐੱਚ. ਓ. ਦੀ ਕੋਵਿਡ ਸਬੰਧੀ ਤਕਨੀਕ ਮਾਹਿਰ ਡਾ. ਮਾਰੀਆ ਵੇ ਕੇਰਖੋਵ ਨੇ ਦੱਸਿਆ ਕਿ ਅਮਰੀਕਾ ਅਤੇ ਯੂਰਪ ਦੇ ਕੁਝ ਹਿੱਸਿਆਂ ’ਚ ਜਿਸ ਤੇਜ਼ੀ ਨਾਲ ਐੱਕਸ.ਬੀ.ਬੀ. 1.5 ਦੇ ਮਾਮਲੇ ਵਧੇ ਹਨ, ਉਸ ਨੇ ਹੋਰ ਸਾਰੇ ਵੇਰੀਐਂਟਸ ਨੂੰ ਪਿੱਛੇ ਛੱਡ ਦਿੱਤਾ ਹੈ।
ਸਾਡੀ ਚਿੰਤਾ ਇਹ ਹੈ ਕਿ ਇਹ ਕਿੰਨੀ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਕਿੰਨੀ ਤੇਜ਼ੀ ਨਾਲ ਖੁਦ ਨੂੰ ਬਦਲਦਾ ਹੈ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰ ਦੇ ਡਾਟਾ ਮੁਤਾਬਕ ਅਮਰੀਕਾ ’ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ’ਚ 41 ਫੀਸਦੀ ਮਾਮਲੇ ਇਸੇ ਵੇਰੀਐਂਟ ਦੇ ਹਨ। ਇਸ ਦੀ ਤੇਜ਼ੀ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 2 ਜਨਵਰੀ ਤੱਕ ਇਸ ਦੇ ਸਿਰਫ 8 ਫੀਸਦੀ ਮਾਮਲੇ ਸਨ।
ਨਵੇਂ ਮਾਮਲੇ 70 ਫ਼ੀਸਦੀ ਇਸੇ ਦੇ
ਕ੍ਰਾਕੇਨ ਓਮੀਕ੍ਰੋਨ ਦਾ ਹੀ ਇਕ ਨਵਾਂ ਸਬ-ਵੇਰੀਐਂਟ ਹੈ। ਇਸ ਸਮੇਂ ਅਮਰੀਕਾ ’ਚ ਇਨਫੈਕਸ਼ਨ ਦੇ ਜੋ ਨਵੇਂ ਮਾਮਲੇ ਆ ਰਹੇ ਹਨ, ਉਨ੍ਹਾਂ ’ਚ 70 ਫ਼ੀਸਦੀ ਇਹੋ ਵੇਰੀਐਂਟ ਪਾਇਆ ਜਾ ਰਿਹਾ ਹੈ। ਕੁਲ ਮਾਮਲਿਆਂ ’ਚ ਵੀ ਹਰ 10 ਵਿਚ ਚੌਥਾ ਮਾਮਲਾ ਇਸੇ ਦਾ ਹੈ।
ਕ੍ਰਾਕੇਨ ਨਾਂ ਕਿੱਥੋਂ ਆਇਆ
ਕ੍ਰਾਕੇਨ ਯੂਰਪ ਦੀਆਂ ਕਥਾਵਾਂ ’ਚ ਸਮੁੰਦਰੀ ਦੈਂਤ ਦਾ ਨਾਂ ਹੈ। ਕਿਹਾ ਜਾਂਦਾ ਹੈ ਕਿ ਬਹੁਤ ਵੱਡੇ ਆਕਾਰ ਦਾ ਇਹ ਜਲ ਦੈਂਤ ਕਦੇ ਨਾਰਵੇ ਦੇ ਤੱਟੀ ਇਲਾਕੇ ’ਚ ਦਿਸਿਆ ਸੀ। ਇਸ ਦੇ ਹੋਣ ਦੀ ਕਦੇ ਪੁਸ਼ਟੀ ਨਹੀਂ ਹੋਈ। ਮੰਨਿਆ ਜਾਂਦਾ ਹੈ ਕਿ ਕ੍ਰਾਕੇਨ ਦੀ ਕਹਾਣੀ ਮੱਲਾਹਾਂ ਦੇ ਅੰਧ-ਵਿਸ਼ਵਾਸ ’ਚੋਂ ਨਿਕਲੀ ਸੀ।