ਅੱਤਵਾਦੀ ਸੰਗਠਨ TRF ’ਤੇ ਸਰਕਾਰ ਨੇ ਲਗਾਈ ਪਾਬੰਦੀ, ਨੋਟੀਫਿਕੇਸ਼ਨ ਜਾਰੀ

ਨੈਸ਼ਨਲ ਡੈਸਕ : ਗ੍ਰਹਿ ਮੰਤਰਾਲੇ (ਐੱਮ. ਐੱਚ. ਏ.) ਨੇ ਵੀਰਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦੇ ਪ੍ਰਤੀਨਿਧੀ ਦਿ ਰੇਸਿਸਟੈਂਸ ਫਰੰਟ (ਟੀ. ਆਰ. ਐੱਫ.) ਨੂੰ ਗ਼ੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ. ਏ. ਪੀ. ਏ.) ਦੇ ਤਹਿਤ ਪਾਬੰਦੀਸ਼ੁਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਟੀ. ਆਰ. ਐੱਫ. ਲਸ਼ਕਰ-ਏ-ਤੋਇਬਾ ਦਾ ਪ੍ਰੌਕਸੀ ਸੰਗਠਨ ਹੈ। ਟੀ. ਆਰ. ਐੱਫ. ਪਿਛਲੇ ਕੁਝ ਸਾਲਾਂ ਤੋਂ ਕਸ਼ਮੀਰੀ ਪੰਡਿਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ-ਨਾਲ ਕਸ਼ਮੀਰ ’ਚ ਸੁਰੱਖਿਆ ਬਲਾਂ ਸਮੇਤ ਨਾਗਰਿਕਾਂ ’ਤੇ ਜ਼ਿਆਦਾਤਰ ਹਮਲਿਆਂ ਪਿੱਛੇ ਹੱਥ ਸੀ।
ਵੀਰਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਦੇ ਅਨੁਸਾਰ ਯੂ. ਏ. ਪੀ. ਏ. ਦੀ ਪਹਿਲੀ ਅਨੁਸੂਚੀ ਤਹਿਤ ਲਸ਼ਕਰ ਦੇ ਨਾਲ ਨਾਲ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ’ਚ ਟੀ. ਆਰ. ਐੱਫ. ਦਾ ਨਾਂ ਜੋੜਿਆ ਗਿਆ ਹੈ। ਐੱਮ. ਐੱਚ. ਏ. ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘‘ ਰੇਸਿਸਟੈਂਸ ਫਰੰਟ ਸਾਲ 2019 ’ਚ ਲਸ਼ਕਰ-ਏ-ਤੋਇਬਾ ਦੇ ਪ੍ਰੌਕਸੀ ਸੰਗਠਨ ਦੇ ਰੂਪ ’ਚ ਹੋਂਦ ’ਚ ਆਇਆ, ਜੋ ਯੂ. ਏ. ਪੀ. ਏ. ਦੇ ਤਹਿਤ ਪਹਿਲੀ ਅਨੁਸੂਚੀ ਦੇ ਸੀਰੀਅਲ ਨੰਬਰ 5 ’ਚ ਸੂਚੀਬੱਧ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ।’’