ਨਿੰਦਰ ਘੁਗਿਆਣਵੀ
ਚੰਡੀਗੜ੍ਹ: ਮਹਾਂਰਾਸ਼ਟਰ ਦੇ ਵਰਧਾ ‘ਚ ਸਥਾਪਿਤ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ‘ਚ ਚਾਰ ਦਿਨ ਚੱਲੀ 95ਵੀਂ ਦਰਸ਼ਨ ਫ਼ਲਸਫ਼ੇ ਬਾਰੇ ਵਿਦਵਾਨਾਂ ਦੀ ਕਾਨਫ਼ਰੰਸ ਦੇ ਆਖਰੀ ਦਿਨ ਵੀ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਮਾਪਤੀ ਸਮਾਰੋਹ ‘ਚ ਭਾਰਤ ਦੇ ਕੇਂਦਰੀ ਰਾਜ ਮੰਤਰੀ ਡਾ.ਰਾਜ ਕੁਮਾਰ ਰੰਜਨ ਨੇ ਆਪਣੇ ਸੰਬੋਧਨ ‘ਚ ਆਖਿਆ ਕਿ ਵਿਸ਼ਵ ਮੰਗਲ ਵਾਸਤੇ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਸੁਨੱਖੇ ਭਵਿਖ ਦੀ ਬੜੀ ਅਹਿਮ ਲੋੜ ਹੈ।
ਮੰਤਰੀ ਨੇ ਕਿਹਾ ਕਿ ਉੱਚ ਸਿੱਖਿਆ ਇਸ ਯਤਨ ‘ਚ ਆਪਣੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨਾਂ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਜਨੀਸ਼ ਕੁਮਾਰ ਸ਼ੁਕਲ ਨੇ ਬੋਲਦੇ ਹੋਏ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਭਾਰਤ ਵਾਸੀਆਂ ਨੂੰ ਬਦਲਾਅ ਦੇ ਕਈ ਨਵੀਨ ਰੂਪ ਦਿੱਤੇ। ਇਸ ਕਾਨਫ਼ਰੰਸ ‘ਚ ਨਵ ਨਾਲੰਦਾ ਮਹਾਂਰਾਸ਼ਟਰ ਵਿਹਾਰ ਯੂਨੀਵਰਸਿਟੀ ਦੇ ਕੁੱਲਪਤੀ ਪ੍ਰੋ.ਵੈਦਨਾਥ ਲਾਭ ਨੇ ਵੀ ਸੰਬੋਧਨ ਕੀਤਾ। ਯੂਨੀਵਰਸਿਟੀ ਦੇ ਕਈ ਸਾਹਿਤਕ ਖੋਜ ਪ੍ਰੌਜੈਕਟ ਵੀ ਇਸ ਸਮੇਂ ਰਿਲੀਜ਼ ਕੀਤੇ ਗਏ।