ਪ੍ਰਧਾਨ ਮੰਤਰੀ ਦਾ ਸਖਤ ਕੋਵਿਡ ਪ੍ਰੋਟੋਕਾਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਲਗਭਗ 3 ਸਾਲਾਂ ਤੋਂ ਸਖਤ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰ ਰਹੇ ਹਨ। ਤੀਜੀ ਲਹਿਰ ਦੇ ਘੱਟ ਹੋਣ ਤੋਂ ਬਾਅਦ ਜਦ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆ, ਉਦੋਂ ਵੀ ਪੀ. ਐੱਮ. ਨੇ ਆਪਣੀ ਸਖਤੀ ਜਾਰੀ ਰੱਖੀ। ਮੁੱਖ ਮੰਤਰੀਆਂ, ਕੈਬਨਿਟ ਮੰਤਰੀਆਂ ਸਮੇਤ ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਸਾਰੇ ਮਹਿਮਾਨਾਂ ਨੂੰ ਕੋਵਿਡ ਟੈਸਟ ’ਚੋਂ ਲੰਘਣਾ ਪੈਂਦਾ ਹੈ।
ਜਦ ਵੀ ਕੋਈ ਕੈਬਨਿਟ ਮੀਟਿੰਗ ਹੁੰਦੀ ਹੈ ਤਾਂ ਬੈਠਕ ਰੂਮ ’ਚ ਦਾਖਲ ਹੋਣ ਤੋਂ ਪਹਿਲਾਂ ਮੰਤਰੀਆਂ ਨੂੰ ਕੋਵਿਡ ਟੈਸਟ ਕਰਾਉਣਾ ਪੈਂਦਾ ਹੈ। ਇਸ ਸਬੰਧ ’ਚ ਇਕ ਨਿਯਮ ਹੈ, ਜਿਸ ਦਾ ਸਾਰਿਆਂ ਨੂੰ ਪਾਲਣ ਕਰਨਾ ਪੈਂਦਾ ਹੈ। ਘੱਟ ਤੋਂ ਘੱਟ 2 ਕੈਬਨਿਟ ਮੰਤਰੀ 2 ਵੱਖ-ਵੱਖ ਮੌਕਿਆਂ ’ਤੇ ਕੋਵਿਡ ਪਾਜ਼ੇਟਿਵ ਪਾਏ ਗਏ, ਜਦ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਸਨ।
ਹਾਲ ਹੀ ’ਚ ਹਿਮਾਚਲ ਦੇ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਸੁਖਵਿੰਦਰ ਸਿੰਘ ਸੁਖੂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਆਏ ਸਨ। ਜਦ ਉਹ ਮੋਦੀ ਨੂੰ ਮਿਲਣ ਪੀ. ਐੱਮ. ਓ. ਪਹੁੰਚੇ ਤਾਂ ਉਨ੍ਹਾਂ ਨੂੰ ਕੋਵਿਡ ਟੈਸਟ ਕਰਾਉਣ ਲਈ ਕਿਹਾ ਗਿਆ ਅਤੇ ਉਹ ਪੀੜਤ ਪਾਏ ਗਏ। ਉਨ੍ਹਾਂ ਨੇ ਵਾਪਸ ਜਾ ਕੇ ਖੁਦ ਨੂੰ ਇਕਾਂਤਵਾਸ ਕਰ ਲਿਆ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਬੈਠਕਾਂ ਦਾ ਆਯੋਜਨ ਅਤੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਵਰਚੁਅਲ ਤੌਰ ’ਤੇ ਕਰਨਾ ਪਸੰਦ ਕਰਦੇ ਹਨ। ਨਵੇਂ ਵੇਰੀਐਂਟ ਦੇ ਆਉਣ ਨਾਲ ਕੋਵਿਡ ਦੇ ਫਿਰ ਤੋਂ ਉਭਰਨ ਦੇ ਖਤਰੇ ਨੂੰ ਦੇਖਦੇ ਹੋਏ ਪੀ. ਐੱਮ. ਓ. ਨੇ ਕੋਵਿਡ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ।