ਨਵੇਂ ਸਾਲ ਮੌਕੇ ਪਿੰਡ ਸਤੌਜ ਪਹੁੰਚੇ CM ਮਾਨ, ਬੋਲੇ- ਸਰਕਾਰ ਜਲਦ ਇਕ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰੇਗੀ

ਭਵਾਨੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸਾਲ ਮੌਤੇ ਆਪਣੀ ਜਨਮ ਭੂਮੀ ਪਿੰਡ ਸਤੌਜ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਦੀ ਲੀਹ ‘ਤੇ ਤੋਰਨ ਲਈ ਸਿਹਤ, ਸਿੱਖਿਆ ਤੇ ਰੁਜ਼ਗਾਰ ਨੂੰ ਪ੍ਰਮੁੱਖਤਾ ਦੇਣ ਲਈ ਵਿਸ਼ੇਸ਼ ਕਾਰਜ ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਲਦ ਹੀ ਸਰਕਾਰ ਵੱਲੋਂ ਆਪਣੀ ਇਕ ਸਾਲ ਦੀ ਕਾਰਗੁਜਾਰੀ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਸਿਹਤ ਸਹੂਲਤਾਂ ਲਈ ਪਿੰਡਾਂ ਤੇ ਸ਼ਹਿਰਾਂ ’ਚ ਹੋਰ ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਚੰਗੀ ਸਿੱਖਿਆਂ ਲਈ ਸੂਬੇ ਦੇ ਸਕੂਲਾਂ ਨੂੰ ਅਪਗ੍ਰੇਡ ਕਰਕੇ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਸਹੂਲਤਾਂ ਮਹੁੱਈਆਂ ਕਰਵਾਉਣ ਦੇ ਨਾਲ-ਨਾਲ ਬੱਚਿਆਂ ਦੇ ਸਕੂਲ ਆਉਣ ਜਾਣ ਲਈ ਵਾਹਨਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਮਾਨ ਨੇ ਕਿਹਾ ਕਿ ਸੂਬੇ ਦੀ ਨੌਜਵਾਨ ਪੀੜੀ ਨੂੰ ਰੁਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ’ਚ ਜਾਣ ਤੋਂ ਰੋਕਣ ਲਈ ਅਸੀ ਵੱਖ-ਵੱਖ ਕੰਪਨੀਆਂ ਨੂੰ ਸੂਬੇ ਅੰਦਰ ਨਿਵੇਸ਼ ਕਰਨ ਦਾ ਸੱਦਾ ਦੇ ਕੇ ਇੱਥੇ ਹੀ ਰੁਜ਼ਗਾਰ ਦੇ ਸਾਧਨ ਪੈਦਾ ਕਰ ਰਹੇ ਹਾਂ। ਸਰਕਾਰ ਵੱਲੋਂ ਆਪਣੇ ਨਵੇਂ ਅਭਿਆਨ ਦੇ ਤਹਿਤ ਜਲਦ ਵੱਡਾ ਕਿਸਾਨ ਸੰਮੇਲਨ ਕਰਵਾਕੇ ਕਿਸਾਨਾਂ ਦੇ ਸੁਝਾਅ ਲੈ ਕੇ ਖੇਤੀ ਨਾਲ ਸਬੰਧਤ ਨਵੇਂ ਫ਼ੈਸਲੇ ਲਏ ਜਾਣਗੇ ਤੇ ਇਸੇ ਤਰ੍ਹਾਂ ਹੀ ਵਪਾਰੀਆਂ ਤੋਂ ਸੁਝਾਅ ਲੈ ਕੇ ਵਪਾਰ ਦੀ ਬਿਹਤਰੀ ਲਈ ਫ਼ੈਸਲੇ ਲਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਅਜਿਹੀ ਫਾਇਲ ਜਾਂ ਫ਼ੈਸਲੇ ‘ਤੇ ਸਾਇਨ ਨਹੀਂ ਕਰਾਂਗਾ, ਜਿਸ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ ਤੇ ਗਰੀਬਾਂ ਦਾ ਹੱਕ ਦੱਬਿਆ ਜਾਵੇ।
ਮਾਨ ਨੇ ਕਿਹਾ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਸਾਡੇ ਇੱਥੇ ਵੀ ਕਈ ਗੈਰ ਸਮਾਜਿਕ ਤਾਕਤਾਂ ਸਾਡੀ ਨੌਜਵਾਨ ਪੀੜੀ ਨੂੰ ਭੜਕਾਉਣ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਨਿੰਦਿਆ ਚੁੰਗਲੀ ਕਰਨ ਵਾਲਿਆਂ ਨੂੰ ਕੋਈ ਵੀ ਨਹੀਂ ਪੁੱਛਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ’ਚ ਆਪਣਾ ਵਿਸ਼ਵਾਸ ਬਣਾ ਕੇ ਰੱਖਣ ਤੇ ਸਰਕਾਰ ਵੱਲੋਂ ਇਕ-ਇਕ ਵੋਟ ਦਾ ਪੂਰਾ ਮੁੱਲ ਮੋੜਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਮਾਤਾ ਹਰਪਾਲ ਕੌਰ, ਪਤਨੀ ਡਾਕਟਰ ਗੁਰਪ੍ਰੀਤ ਕੌਰ, ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕ ਸੰਗਰੂਰ, ਰਾਜਵੀਰ ਸਿੰਘ ਨਿੱਜੀ ਸਹਾਇਕ, ਗੁਰਮੇਲ ਸਿੰਘ ਸਰਪੰਚ ਘਰਾਚੋਂ ਜ਼ਿਲ੍ਹਾ ਪ੍ਰਧਾਨ, ਮਨਦੀਪ ਲੱਖੇਵਾਲ ਸਮੇਤ ਵੱਡੀ ਗਿਣਤੀ ’ਚ ‘ਆਪ’ ਦੇ ਵਾਲੰਟੀਅਰ ਮੌਜੂਦ ਸਨ।