ਹਰਿਆਣਾ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਕ੍ਰਿਕਟਰ ਰਿਸ਼ਭ ਪੰਤ ਦੀ ਜਾਨ ਬਚਾਉਣ ਵਾਲੇ ਆਪਣੇ ਇਕ ਡਰਾਈਵਰ ਅਤੇ ਕੰਡਕਟਰ ਨੂੰ ਸਨਮਾਨਿਤ ਕੀਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਰਿਆਣਾ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਸੁਸ਼ੀਲ ਕੁਮਾਰ ਅਤੇ ਕੰਡਕਟਰ ਪਰਮਜੀਤ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਵਾਪਰੇ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਲਗਜ਼ਰੀ ਕਾਰ ਵਿਚ ਅੱਗ ਲੱਗਣ ਤੋਂ ਬਾਅਦ ਉਸ ਵਿਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ।
ਸੂਤਰਾਂ ਮੁਤਾਬਕ ਸੂਬਾ ਸਰਕਾਰ ਵੀ ਦੋਵਾਂ ਨੂੰ ਸਨਮਾਨਿਤ ਕਰ ਸਕਦੀ ਹੈ। ਹਰਿਆਣਾ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਪਾਣੀਪਤ ਡਿਪੂ ਦੇ ਜਨਰਲ ਮੈਨੇਜਰ ਕੁਲਦੀਪ ਜਾਂਗੜਾ ਨੇ ਫੋਨ ‘ਤੇ ਪੀਟੀਆਈ-ਭਾਸ਼ਾ ਨੂੰ ਦੱਸਿਆ, ”ਪਾਣੀਪਤ ਵਾਪਸ ਆਉਣ ‘ਤੇ ਅਸੀਂ ਉਨ੍ਹਾਂ ਨੂੰ ਆਪਣੇ ਦਫ਼ਤਰ ‘ਚ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ।” ਉਨ੍ਹਾਂ ਦੱਸਿਆ ਕਿ ਸੁਸ਼ੀਲ ਕੁਮਾਰ ਨੇ ਕਾਰ ਨੂੰ ਸੜਕ ਦੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਹ ਆਪਣੇ ਕੰਡਕਟਰ ਨਾਲ ਮਦਦ ਲਈ ਭੱਜੇ। ਜਾਂਗੜਾ ਨੇ ਇਹ ਵੀ ਕਿਹਾ ਕਿ ਡਰਾਈਵਰ ਅਤੇ ਕੰਡਕਟਰ ਦੋਵਾਂ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ।
ਸਟਾਰ ਇੰਡੀਆ ਕ੍ਰਿਕੇਟਰ ਰਿਸ਼ਭ ਪੰਤ ਉਸ ਸਮੇਂ ਵਾਲ-ਵਾਲ ਬੱਚ ਗਏ ਜਦੋਂ ਉਨ੍ਹਾਂ ਦੀ ਲਗਜ਼ਰੀ ਕਾਰ ਨੂੰ ਸ਼ੁੱਕਰਵਾਰ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਸੀ। ਪੰਤ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਰੁੜਕੀ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ 25 ਸਾਲਾ ਪੰਤ ਦੇ ਸਿਰ, ਪਿੱਠ ਅਤੇ ਪੈਰਾਂ ‘ਤੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਹਾਦਸਾ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ‘ਚ ਸਵੇਰੇ ਕਰੀਬ 5.30 ਵਜੇ ਵਾਪਰਿਆ।
ਹਰਿਦੁਆਰ ਪੁਲਸ ਦੇ ਸੀਨੀਅਰ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਪੰਤ ਨੂੰ ਨੀਂਦ ਦੀ ਝਪਕੀ ਆ ਗਈ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਮਰਸੀਡੀਜ਼ ਬੈਂਜ਼ ਕਾਰ ਨੂੰ ਅੱਗ ਲੱਗ ਗਈ ਸੀ। ਉੱਥੋਂ ਲੰਘ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਅਤੇ ਬਾਕੀ ਸਟਾਫ਼ ਨੇ ਉਨ੍ਹਾਂ ਨੂੰ ਸੜੀ ਹੋਈ ਕਾਰ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਐਮਰਜੈਂਸੀ ਯੂਨਿਟ ਵਿੱਚ ਪੰਤ ਦਾ ਇਲਾਜ ਕਰਨ ਵਾਲੇ ਡਾਕਟਰ ਸੁਸ਼ੀਲ ਨਾਗਰ ਨੇ ਕਿਹਾ ਕਿ ਪੰਤ ਦੇ ਸਿਰ ਅਤੇ ਗੋਡੇ ‘ਤੇ ਸੱਟ ਲੱਗੀ ਹੈ ਅਤੇ ਉਸ ਦੀ ਹੋਰ ਜਾਂਚ ਕਰਨ ਦੀ ਲੋੜ ਹੈ।