ਓਮੀਕ੍ਰੋਨ ਤੋਂ ਵੀ ਖ਼ਤਰਨਾਕ ਸਬ-ਵੈਰੀਐਂਟ XBB.1.5 ਦੀ ਭਾਰਤ ‘ਚ ਦਸਤਕ, ਗੁਜਰਾਤ ‘ਚ ਮਿਲਿਆ ਪਹਿਲਾ ਕੇਸ

ਨਵੀਂ ਦਿੱਲੀ- ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਦਰਮਿਆਨ ਓਮੀਕ੍ਰੋਨ ਦੇ ਨਵੇਂ ਸਬ-ਵੈਰੀਐਂਟ XBB.1.5 ਨੇ ਭਾਰਤ ‘ਚ ਦਸਤਕ ਦੇ ਦਿੱਤੀ ਹੈ। ਭਾਰਤੀ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (INSACOG) ਦੇ ਡਾਟਾ ਮੁਤਾਬਕ ਓਮੀਕ੍ਰੋਨ ਦੇ XBB.1.5 ਸਬ-ਵੈਰੀਐਂਟ ਨੇ ਭਾਰਤ ‘ਚ ਨਵੇਂ ਸਾਲ ਤੋਂ ਪਹਿਲਾਂ ਹੀ ਧਾਵਾ ਬੋਲ ਦਿੱਤਾ ਹੈ। ਇਸ ਵੈਰੀਐਂਟ ਦਾ ਪਹਿਲਾ ਕੇਸ ਗੁਜਰਾਤ ਵਿਚ ਮਿਲਿਆ ਹੈ। ਦਰਅਸਲ XBB.1.5 ਓਮੀਕ੍ਰੋਨ ਦਾ ਇਕ ਸਬ-ਵੈਰੀਐਂਟ ਹੈ, ਜਿਸ ਨੂੰ ਕੌਮਾਂਤਰੀ ਵਿਗਿਆਨਕਾਂ ਨੇ ਨਿਊਯਾਰਕ ‘ਚ ਕੋਵਿਡ ਮਾਮਿਲਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ।
XBB ਵੈਰੀਐਂਟ ਬੀਏ.2.10.1 ਅਤੇ ਬੀਏ.2.75 ਤੋਂ ਮਿਲ ਕੇ ਬਣਿਆ ਹੈ। ਇਹ ਭਾਰਤ ਤੋਂ ਇਲਾਵਾ ਦੁਨੀਆ ਦੇ 34 ਹੋਰ ਦੇਸ਼ਾਂ ਵਿਚ ਵੀ ਫੈਲਿਆ ਹੋਇਆ ਹੈ। ਇਹ ਵੈਰੀਐਂਟ ਓਮੀਕ੍ਰੋਨ ਦੇ ਸਾਰੇ ਵੈਰੀਐਂਟ ਦੀ ਤੁਲਨਾ ‘ਚ ਸਭ ਤੋਂ ਖ਼ਤਰਨਾਕ ਹੈ। ਮਾਹਰਾਂ ਮੁਤਾਬਕ ਇਹ ਪੂਰੇ ਦੇਸ਼ ਵਿਚ ਸਟ੍ਰੇਨ ਹੈ ਅਤੇ ਜੋ ਵੀ ਕੋਵਿਡ ਮਰੀਜ਼ ਮਿਲ ਰਹੇ ਹਨ, ਉਨ੍ਹਾਂ ਵਿਚੋਂ 40 ਤੋਂ 50 ਫ਼ੀਸਦੀ ਨੂੰ XBB ਵਾਇਰਸ ਮਿਲ ਰਿਹਾ ਹੈ। ਇਸ ਨੂੰ ਡੈਲਟਾ ਵੇਰੀਐਂਟ ਤੋਂ 5 ਗੁਣਾ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ। ਇਹ ਸਬ-ਵੈਰੀਐਂਟ ਨੂੰ ਸਭ ਤੋਂ ਪਹਿਲਾਂ ਸਿੰਗਾਪੁਰ ਅਤੇ ਅਮਰੀਕਾ ‘ਚ ਪਛਾਣਿਆ ਗਿਆ ਸੀ।
ਅਧਿਐਨ ‘ਚ ਨਵੇਂ ਵੇਰੀਐਂਟ ਦੀਆਂ ਤਿੰਨ ਖਾਸ ਗੱਲਾਂ-
XBB.1.5 ਕੋਰੋਨਾ ਦਾ ‘ਸੁਪਰ ਵੇਰੀਐਂਟ’ ਹੈ। XBB.1.5 17 ਦਿਨਾਂ ਦੇ ਅੰਦਰ ਇੰਨੇ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ, ਜਿੰਨਾ BQ.1 26 ਦਿਨਾਂ ‘ਚ ਸੰਕਰਮਿਤ ਕਰ ਰਿਹਾ ਸੀ।
ਇਸ ਦਾ R ਮੁੱਲ ਭਾਵ ਪ੍ਰਜਨਨ ਮੁੱਲ BQ.1 ਤੋਂ ਵੱਧ ਹੈ। ਆਰ ਮੁੱਲ ਦਿਖਾਉਂਦਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਇਕ ਵਿਅਕਤੀ ਤੋਂ ਕਿੰਨੇ ਲੋਕ ਸੰਕਰਮਿਤ ਹੋ ਰਹੇ ਹਨ ਜਾਂ ਹੋ ਸਕਦੇ ਹਨ।
XBB.1.5 ਕ੍ਰਿਸਮਸ ਤੋਂ ਪਹਿਲਾਂ BQ.1 ਨਾਲੋਂ 108 ਫ਼ੀਸਦੀ ਤੇਜ਼ੀ ਨਾਲ ਫੈਲ ਰਿਹਾ ਸੀ। ਕ੍ਰਿਸਮਸ ਤੋਂ ਬਾਅਦ ਇਹ ਰਫ਼ਤਾਰ ਵੱਧ ਕੇ 120 ਫ਼ੀਸਦੀ ਹੋ ਗਈ ਹੈ।