ਵਾੜ ਨਹੀਂ, ਜਵਾਨ ਦੀ ਵੀਰਤਾ ਕਰਦੀ ਹੈ ਸਰਹੱਦਾਂ ਦੀ ਰੱਖਿਆ : ਸ਼ਾਹ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਖੰਭੇ ਜਾਂ ਵਾੜ ਨਹੀਂ ਸਗੋਂ ਉਸ ਸਰਹੱਦ ’ਤੇ ਖੜ੍ਹੇ ਜਵਾਨ ਦੀ ਵੀਰਤਾ, ਦੇਸ਼ ਭਗਤੀ ਅਤੇ ਸਜਗਤਾ ਹੀ ਕਰ ਸਕਦੀ ਹੈ। ਸ਼ਾਹ ਨੇ ਵੀਰਵਾਰ ਨੂੰ ਇਥੇ ਬੀ. ਐੱਸ. ਐੱਫ. ਦੇ ‘ਪ੍ਰਹਰੀ’ ਮੋਬਾਇਲ ਐਪ ਅਤੇ ਮੈਨੁਅਲ ਦੀ ਘੁੰਡ-ਚੁਕਾਈ ਕਰਨ ਮੌਕੇ ਕਿਹਾ ਕਿ ਬੀ. ਐੱਸ. ਐੱਫ. ਦੇਸ਼ ਦੀ ਸਭ ਤੋਂ ਮੁਸ਼ਕਲ ਸਰਹੱਦ ਦੀ ਨਿਗਰਾਨੀ ਕਰਦੀ ਹੈ।
ਉਨ੍ਹਾਂ ਕਿਹਾ ਕਿ ਅਟਲ ਜੀ ਨੇ ਵਨ ਬਾਰਡਰ ਵਨ ਫੋਰਸ ਦਾ ਜੋ ਿਨਯਮ ਬਣਾਇਆ, ਉਸ ਤੋਂ ਬਾਅਦ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗੀਆਂ ਸਾਡੀਆਂ ਸਰਹੱਦਾਂ ਦੀ ਜ਼ਿੰਮੇਵਾਰੀ ਬੀ. ਐੱਸ. ਐੱਫ. ਦੇ ਜ਼ਿੰਮੇ ਆਈ ਹੈ ਅਤੇ ਬੀ. ਐੱਸ. ਐੱਫ ਦੇ ਬਹਾਦਰ ਜਵਾਨ ਇਨ੍ਹਾਂ ਸਰਹੱਦਾਂ ਦੀ ਚੌਕਸੀ, ਦ੍ਰਿੜਤਾ ਅਤੇ ਮੁਸਤੈਦੀ ਨਾਲ ਇਨ੍ਹਾਂ ਸਰਹੱਦਾਂ ਦੀ ਸੁਰੱਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਪਿਲਰ ਜਾਂ ਫੈਂਸਿੰਗ ਨਹੀਂ ਸਗੋਂ ਉਸ ਸਰਹੱਦ ’ਤੇ ਖੜ੍ਹੇ ਜਵਾਨ ਦੀ ਵੀਰਤਾ, ਦੇਸ਼ ਭਗਤੀ ਅਤੇ ਸਜਗਤਾ ਹੀ ਕਰ ਸਕਦੀ ਹੈ।
ਸ਼ਾਹ ਨੇ ਕਿਹਾ ਕਿ ਬੀ. ਐੱਸ. ਐੱਫ. ਦੀ ਇਹ ਐਪ ਸਰਗਰਮ ਸ਼ਾਸਨ ਦੀ ਵੱਡੀ ਉਦਾਹਰਣ ਹੈ। ਇਸ ਦੇ ਜ਼ਰੀਏ ਹੁਣ ਜਵਾਨ ਨਿੱਜੀ ਅਤੇ ਸੇਵਾ ਸੰਬੰਧੀ ਜਾਣਕਾਰੀ, ਆਵਾਸ, ਆਯੁਸ਼ਮਾਨ ਅਤੇ ਛੁੱਟੀਆਂ ਨਾਲ ਸੰਬੰਧਤ ਜਾਣਕਾਰੀ ਆਪਣੇ ਮੋਬਾਇਲ ’ਤੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੀ. ਪੀ. ਐੱਫ. ਹੋਵੇ ਜਾਂ ਬਾਇਓਡਾਟਾ ਹੋਵੇ ਜਾਂ ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ’ਤੇ ਸਮੱਸਿਆ ਨਿਵਾਰਣ ਜਾਂ ਕਈ ਭਲਾਈ ਯੋਜਨਾਵਾਂ ਦੀ ਜਾਣਕਾਰੀ ਹੋਵੇ ਹੁਣ ਜਵਾਨ ਐਪ ਰਾਹੀਂ ਇਹ ਸਭ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਇਹ ਐਪ ਉਨ੍ਹਾਂ ਨੂੰ ਗ੍ਰਹਿ ਮੰਤਰਾਲਾ ਦੇ ਪੋਰਟਲ ਨਾਲ ਵੀ ਜੋੜੇਗਾ।